ਸੰਦੇਸ਼

ਪੰਜਾਬ ਦੀ ਪਵਿੱਤਰ ਧਰਤੀ ਨੂੰ ਮਹਾਨ ਗੁਰੂਆਂ, ਭਗਤਾਂ, ਪੀਰਾਂ, ਫ਼ਕੀਰਾਂ ਅਤੇ ਪੈਗੰਬਰਾਂ ਦੀ ਚਰਨ ਛੋਹ ਪ੍ਰਾਪਤ ਹੈ। ਇਸ ਧਰਤੀ ਨੂੰ ਇਹ ਮਾਣ ਵੀ ਹਾਸਿਲ ਹੈ ਕਿ ਇਸ ਨੇ ਆਪਣਾ ਵਿਰਸਾ ਸੰਭਾਲਣ ਦੇ ਨਾਲ ਨਾਲ ਨਵੀਨੀਕਰਣ ਨੂੰ ਵੀ ਖੁਲ੍ਹੇ ਦਿਲ ਨਾਲ ਅਪਣਾਇਆ ਹੈ। ਪੰਜਾਬੀਆਂ ਨੇ ਸਦਾ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾਉਣ ਖਾਤਰ ਸੂਬੇ ਅਤੇ ਦੇਸ਼ ਦੇ ਸਰਬਪੱਖੀ ਵਿਕਾਸ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਨਾ ਕੇਵਲ ਅਤਿ-ਆਧੁਨਿਕ ਲੀਹਾਂ ਤੇ ਤੋਰਨ ਹਿੱਤ ਬਲਕੇ ਬਦੇਸ਼ਾਂ 'ਚ ਇਸ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਇਲੈਕਟ੍ਰਾਨਿਕ ਮੀਡੀਆ ਅਹਿਮ ਰੋਲ ਰਿਹਾ ਹੈ।

ਭਾਸ਼ਾ ਵਿਭਾਗ, ਪੰਜਾਬ ਸੂਬੇ ਦਾ ਇਕ ਅਜਿਹਾ ਅਦਾਰਾ ਹੈ ਜੋ ਪੰਜਾਬੀ, ਸੰਸਕ੍ਰਿਤ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮਨੋਰਥ ਦੀ ਪੂਰਤੀ ਲਈ ਵਿਭਾਗ ਵੱਲੋਂ ਕਈ ਸਕੀਮਾਂ ਲਗਾਤਾਰ ਜਾਰੀ ਹਨ ਜਿਨ੍ਹਾਂ ਅਧੀਨ ਵਿਸ਼ਵਕੋਸ਼, ਪੰਜਾਬ ਕੋਸ਼, ਕੋਸ਼ਕਾਰੀ, ਸਾਹਿਤਕਾਰਾਂ ਦੀਆਂ ਰਚਨਾਵਾਂ, ਗਿਆਨ ਵਿਗਿਆਨ ਸਬੰਧੀ ਪੁਸਤਕਾਂ, ਹਿੰਦੀ ਪੰਜਾਬੀ ਅਤੇ ਉਰਦੂ ਦੇ ਰਸਾਲੇ ਆਦਿ ਦੇ ਸੰਪਾਦਨ, ਪ੍ਰਕਾਸ਼ਨ ਅਤੇ ਲੇਖਣ ਦੇ ਕਾਰਜ ਚਲ ਰਹੇ ਹਨ। ਇਹ ਵਿਭਾਗ, ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਿਭਾਗ ਦੀਆਂ ਇਨ੍ਹਾਂ ਸਾਰੀਆਂ ਸਰਗਰਮੀਆਂ, ਵਿਕਾਸ ਸਕੀਮਾਂ ਅਤੇ ਚਲ ਰਹੇ ਪ੍ਰਾਜੈਕਟਾਂ ਬਾਰੇ ਭਰਪੂਰ ਜਾਣਕਾਰੀ ਦੇਣ ਹਿਤ ਵਿਭਾਗ ਨੇ ਆਪਣੀ ਵੈੱਬਸਾਈਟ ਤਿਆਰ ਕੀਤੀ ਹੈ ਤਾਂ ਜੋ ਅੱਜ ਦੇ ਕੰਪਿਊਟਰ ਯੁੱਗ ਵਿਚ ਦੇਸ਼-ਬਦੇਸ਼ ਵਸਦੇ ਹਰ ਪੰਜਾਬੀ ਨੂੰ ਘਰ ਬੈਠਿਆਂ ਹੀ ਇਸ ਸਬੰਧੀ ਸਾਰੇ ਵੇਰਵੇ ਪ੍ਰਾਪਤ ਹੋ ਸਕਣ।

ਭਾਸ਼ਾ ਵਿਭਾਗ, ਪੰਜਾਬ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਮੈਂ ਵਿਭਾਗ ਨੂੰ ਮੁਬਾਰਕਬਾਦ ਦੇਂਦਾ ਹੋਇਆ ਇਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ।

(ਪਰਕਾਸ਼ ਸਿੰਘ ਬਾਦਲ)
ਮੁੱਖ ਮੰਤਰੀ, ਪੰਜਾਬ



© ਸਭ ਅਧਿਕਾਰ ਰਾਖਵੇਂ ਹਨ।