
ਭਾਰਤ ਇਕ ਬਹੁ-ਭਾਸ਼ਾਈ ਦੇਸ਼ ਹੈ। ਸਾਰੀਆਂ ਭਾਸ਼ਾਵਾਂ ਨੂੰ ਇਕੋ ਜਿਹਾ ਮਾਣ ਦੇਣ ਦਾ ਮਕਸਦ ਭਾਰਤ ਦੀ ਭਾਸ਼ਾਈ ਅਮੀਰੀ ਦੇ ਗੌਰਵ ਨੂੰ ਉਜਾਗਰ ਕਰਨਾ ਹੈ। ਪੰਜਾਬ ਭਾਰਤੀ ਗਣਰਾਜ ਦਾ ਇਕ ਸਿਰਕੱਢ, ਗੌਰਵਸ਼ਾਲੀ ਅਤੇ ਖੁਸ਼ਹਾਲ ਸੂਬਾ ਹੈ। ਪੰਜਾਬ ਦਾ ਮੀਰੀ ਗੁਣ ਇਸ ਦੇ ਸੁਭਾਅ ਵਿਚ ਰਚੀ ਨਵੇਕਲੀ ਸਭਿਆਚਾਰਕ ਵਿਸ਼ੇਸ਼ਤਾ ਜਾਂ ਸਾਹਿਤਕ ਸੁਗੰਧ ਦੀ ਆਪਣੀ ਭਾਵੁਕ ਤੀਬਰਤਾ ਹੈ। ਸੰਤਾਂ, ਸੂਫ਼ੀਆਂ, ਗੁਰੂਆਂ ਤੇ ਪੀਰਾਂ ਪੈਗੰਬਰਾਂ ਦੀ ਇਸ ਪਵਿੱਤਰ ਧਰਤੀ ਦਾ ਅਮੀਰ ਸਾਹਿਤਕ ਵਿਰਸਾ ਅੰਮ੍ਰਿਤ ਭਿੰਨੀ ਗੁਰਬਾਣੀ, ਵੇਦ ਮੰਤਰਾਂ ਅਤੇ ਸੂਫੀ ਸੰਤਾਂ ਦੀਆਂ ਕਾਫ਼ੀਆਂ ਨਾਲ ਭਰਪੂਰ ਹੈ ਜਿਸ ਨੇ ਨਾ ਸਿਰਫ ਪੰਜਾਬੀਆਂ ਨੂੰ ਸਗੋਂ ਦੁਖੀ ਮਨੁੱਖਤਾ ਨੂੰ ਵੀ ਢਾਰਸ ਦਿੱਤੀ ਹੈ। ਵੇਦ, ਉਪਨਿਸ਼ਦ ਵੀ ਪੰਜਾਬ ਦੀ ਪਵਿੱਤਰ ਧਰਤੀ ਤੇ ਰਚੇ ਗਏ। ਸਿੱਖ ਧਰਮ ਦੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਪੰਜਾਬ ਦੀ ਧਰਤੀ ਉਪਰ ਹੀ ਹੋਈ। ਪੰਜਾਬੀਆਂ ਨੇ ਆਪਣੇ ਗੌਰਵਮਈ ਪਿਛੋਕੜ ਅਤੇ ਮਿਹਨਤੀ ਸੁਭਾਅ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਬਹੁਤ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ। ਪੰਜਾਬੀਆਂ ਨੇ ਸਮੁੱਚੇ ਵਿਸ਼ਵ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾਇਆ ਹੈ। ਸੂਚਨਾ ਤੇ ਤਕਨਾਲੋਜੀ ਦੇ ਵਿਕਾਸ ਨੂੰ ਅਤੇ ਨਵੀਆਂ ਸੰਚਾਰ ਜੁਗਤਾਂ ਨੂੰ ਪੰਜਾਬੀਆਂ ਨੇ ਬਹੁਤ ਹੀ ਖੁਲ੍ਹਦਿਲੀ ਨਾਲ ਸਵੀਕਾਰਿਆ ਹੈ। ਪੰਜਾਬ ਸਰਕਾਰ ਦਾ ਅਦਾਰਾ ਭਾਸ਼ਾ ਵਿਭਾਗ, ਪੰਜਾਬੀ ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ। ਇੰਨਾ ਹੀ ਨਹੀਂ ਸਗੋਂ ਮਾਂ ਬੋਲੀ ਪੰਜਾਬੀ ਦੇ ਨਾਲ ਨਾਲ ਰਾਸ਼ਟਰ ਭਾਸ਼ਾ ਹਿੰਦੀ, ਬਹੁਤ ਸਾਰੀਆਂ ਭਾਸ਼ਾਵਾਂ ਦੀ ਜਨਨੀ ਸੰਸਕ੍ਰਿਤ ਅਤੇ ਹਰਦਿਲ ਅਜ਼ੀਜ਼ ਜ਼ੁਬਾਨ ਉਰਦੂ ਦੇ ਵਿਕਾਸ ਲਈ ਵੀ ਲਗਾਤਾਰ ਕਾਰਜ ਕਰ ਰਿਹਾ ਹੈ।
ਆਧੁਨਿਕ ਸੂਚਨਾ ਤੇ ਤਕਨਾਲੋਜੀ ਨੂੰ ਵਿਭਾਗ ਨੇ ਪੂਰੀ ਤਰ੍ਹਾਂ ਅਪਣਾ ਲਿਆ ਹੈ ਅਤੇ ਇਸੇ ਪੰਧ ਤੇ ਅਗਾਂਹ ਵਧਦੇ ਹੋਏ ਵਿਭਾਗ ਨੇ ਆਪਣੀ ਵੈੱਬਸਾਈਟ ਤਿਆਰ ਕੀਤੀ ਹੈ। ਇਸ ਨਾਲ ਵਿਸ਼ਵ ਪੱਧਰ ਤੇ ਸਮੂਹ ਪੰਜਾਬੀਆਂ ਅਤੇ ਗੈਂਰ ਪੰਜਾਬੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਆਨ ਲਾਈਨ ਜਾਣਕਾਰੀ ਉਪਲੱਬਧ ਹੋਵੇਗੀ। ਇਸ ਕਾਰਜ ਲਈ ਮੇਰੇ ਵੱਲੋਂ ਸ਼ੁਭ ਕਾਮਨਾ ਅਤੇ ਲੱਖ ਲੱਖ ਮੁਬਾਰਕਬਾਦ!
(ਸੁਖਬੀਰ ਸਿੰਘ ਬਾਦਲ),
ਉਪ ਮੁੱਖ ਮੰਤਰੀ, ਪੰਜਾਬ