
ਕਿਸੇ ਵੀ ਮੁਲਕ ਦੀ ਤਰੱਕੀ ਲਈ ਪ੍ਰਸਾਰ ਸਾਧਨਾਂ ਦਾ ਬੜਾ ਹੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਆਧੁਨਿਕ ਯੁੱਗ ਵਿੱਚ ਭਾਸ਼ਾ, ਸਾਹਿਤ ਅਤੇ ਸਮਾਜ ਦੇ ਵਿਕਾਸ ਲਈ ਕੰਪਿਊਟਰ ਦੇ ਨਾਲ ਨਾਲ ਇੰਟਰਨੈੱਟ ਨੇ ਵੀ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। ਇਸ ਸੁਵਿੱਧਾ ਨਾਲ ਮਨੁੱਖ ਘਰ ਬੈਠਿਆਂ ਹੀ ਦੁਨੀਆਂ ਦੇ ਕਿਸੇ ਵੀ ਮੁੱਦੇ/ਪਹਿਲੂ ਸਬੰਧੀ ਜਾਣਕਾਰੀ ਤੁਰੰਤ ਪ੍ਰਾਪਤ ਕਰ ਸਕਦਾ ਹੈ।
ਪਿਛਲੇ ਲਗਭੱਗ 6 ਦਹਾਕਿਆਂ ਤੋਂ ਮਾਂ-ਬੋਲੀ ਪੰਜਾਬੀ ਦੇ ਵਿਕਾਸ ਲਈ ਭਾਸ਼ਾ ਵਿਭਾਗ, ਪੰਜਾਬ ਨਿਰੰਤਰ ਯਤਨਸ਼ੀਲ ਹੈ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਧੁਨਿਕ ਯੁੱਗ ਦੀਆਂ ਨਵੀਆਂ ਤਕਨੀਕਾਂ ਅਪਣਾ ਰਿਹਾ ਹੈ। ਇਸ ਸੰਦਰਭ ਵਿੱਚ ਵਿਭਾਗ ਵੱਲੋਂ ਤਿਆਰ ਕੀਤੀ ਵੈਬਸਾਈਟ ਇਸ ਦੀ ਇੱਕ ਨਿਵੇਕਲੀ ਉਦਾਹਰਣ ਹੈ। ਵਿਭਾਗ ਵੱਲੋਂ ਮੌਜੂਦਾ ਵੈਬਸਾਈਟ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਵੈਬਸਾਈਟ ਵੀ ਸ਼ੁਰੂ ਕੀਤੀ ਜਾਵੇਗੀ। ਇਹ ਵੈਬਸਾਈਟ ਜਿਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਸਮੂਹ ਪੰਜਾਬੀ ਜਗਤ ਨੂੰ ਆਪਣੀ ਮਾਤ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਜੁੜਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰੇਗੀ, ਉਥੇ ਭਾਸ਼ਾ ਵਿਭਾਗ, ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ਵਿੱਚ ਉਜਾਗਰ ਕਰੇਗੀ। ਇਸ ਵੈਬਸਾਈਟ ਰਾਹੀਂ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰ ਤੇ ਸਾਹਿਤ-ਪ੍ਰੇਮੀ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਅਤੇ ਪੰਜਾਬੀ ਸਭਿਆਚਾਰ ਨੂੰ ਚੰਗੀ ਤਰ੍ਹਾਂ ਜਾਣਨ ਦੇ ਸਮਰੱਥ ਹੋ ਸਕਣਗੇ। ਇਸ ਮੌਜੂਦਾ ਵੈਬਸਾਈਟ ਤੇ ਵਿਭਾਗ ਦੀਆਂ ਸਮੂਹ ਸਰਗਰਮੀਆਂ ਅਤੇ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ।
ਮੈਨੂੰ ਇਹ ਦੱਸਣ ਵਿਚ ਖੁਸ਼ੀ ਤੇ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਪੰਜਾਬੀ ਸਾਹਿਤ ਵਿੱਚ ਆ ਰਹੇ ਨਵੇਂ ਰੁਝਾਨਾਂ ਨੂੰ ਪ੍ਰਗਟਾਉਂਦੀ ਇਸ ਵੈਬਸਾਈਟ ਨੂੰ ਹਰ ਪੱਖੋਂ ਮੁਕੰਮਲ ਬਣਾਈ ਰੱਖਣ ਲਈ ਇੱਕ ਨੋਡਲ ਅਫ਼ਸਰ ਵੀ ਨਿਯੁਕਤ ਕਰ ਦਿੱਤਾ ਗਿਆ ਹੈ ਜੋ ਸਮੇਂ ਸਮੇਂ ਸਿਰ ਇਸ ਤੇ ਉਪਲੱਬਧ ਸੂਚਨਾ ਨੂੰ ਮਿਤੀ ਅੰਤ ਤੱਕ ਮੁਕੰਮਲ ਕਰਦਾ ਰਹੇਗਾ। ਇਸ ਤਰ੍ਹਾਂ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਨਾਲ ਜੁੜੇ ਸਾਹਿਤਕ ਬਿਰਤੀ ਰੱਖਣ ਵਾਲੇ ਵਿਅੱਕਤੀ ਵੀ ਪੰਜਾਬੀਆਂ ਦੀ ਮਾਤ ਭਾਸ਼ਾ ਦੇ ਰੂ-ਬ-ਰੂ ਹੋ ਸਕਣਗੇ। ਮੈਂ ਇਸ ਸ਼ਲਾਘਾਯੋਗ ਕਾਰਜ ਲਈ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਅਤੇ ਉਨ੍ਹਾਂ ਦੀ ਸਮੁੱਚੀ ਸਹਿਯੋਗੀ ਟੀਮ ਨੂੰ ਹਾਰਦਿਕ ਮੁਬਾਰਕਬਾਦ ਪੇਸ਼ ਕਰਦਾ ਹਾਂ।
(ਸੇਵਾ ਸਿੰਘ ਸੇਖਵਾਂ)
ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ