ਹਿੰਦੀ ਵਿਕਾਸ

ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਅਤੇ ਇਹ ਸਮੂਹ ਭਾਸ਼ਾਵਾਂ ਦੇ ਵਿੱਚਕਾਰ ਇਕ ਸੰਪਰਕ ਭਾਸ਼ਾ ਦੇ ਰੂਪ ਵਿੱਚ ਮਹੱਤਵਪੂਰਣ ਰੋਲ ਅਦਾ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਆਪਣੀ ਮਾਤ-ਭਾਸ਼ਾ ਪੰਜਾਬੀ ਦੇ ਵਿਕਾਸ ਦੇ ਨਾਲ-ਨਾਲ ਰਾਸ਼ਟਰ ਭਾਸ਼ਾ ਹਿੰਦੀ ਦੀ ਪ੍ਰਫੁਲਤਾ ਦੇ ਲਈ ਵੀ ਸੁਹਿਰਦ ਭੂਮਿਕਾ ਨਿਭਾਈ ਜਾ ਰਹੀ ਹੈ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਿੰਦੀ ਭਾਸ਼ਾ ਨਾਲ ਸਬੰਧਤ ਵੱਖ-ਵੱਖ ਸਕੀਮਾਂ ਨੂੰ ਸਰਅੰਜਾਮ ਦੇਣ ਲਈ ਇਕ ਵੱਖਰਾ ਭਾਗ ਪਹਿਲਾਂ ਹੀ ਸਥਾਪਿਤ ਕੀਤਾ ਹੋਇਆ ਹੈ।

1. ਸ਼੍ਰੋਮਣੀ ਹਿੰਦੀ ਸਾਹਿਤਕਾਰ ਦਾ ਸਨਮਾਨ:
ਪੰਜਾਬ ਸਰਕਾਰ ਨੇ ਹਿੰਦੀ ਦੇ ਮੰਨੇ ਪ੍ਰਮੰਨੇ ਸਾਹਿਤਕਾਰਾਂ ਨੂੰ ਉਨ੍ਹਾਂ ਦੇ ਆਪਣੇ ਖੇਤਰ ਵਿੱਚ ਸਮੁਚੇ ਯੋਗਦਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਸਾਲ ਸਨਮਾਨਿਤ ਕਰਨ ਦੀ ਪਰੰਪਰਾ ਸ਼ੁਰੂ ਕੀਤੀ ਹੋਈ ਹੈ। ਸਾਲ 1952 ਤੋਂ ਸ਼ੁਰੂ ਕੀਤੇ ਇਸ ਪੁਰਸਕਾਰ ਅਧੀਨ ਪੰਜਾਬ ਦੇ ਵਾਸੀ ਜਾਂ ਪੰਜਾਬ ਵਿੱਚ ਜੰਮੇ ਪਲੇ ਹਿੰਦੀ ਲੇਖਕਾਂ ਵਿੱਚੋਂ ਇਕ ਦੀ ਚੋਣ ਕਰਕੇ ਹਰ ਸਾਲ ਉਸ ਨੂੰ ਸ਼੍ਰੋਮਣੀ ਹਿੰਦੀ ਸਾਹਿਤਕਾਰ ਵੱਜੋਂ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਦੇ ਤਹਿਤ 2,50,000/-ਰੁਪਏ ਦੀ ਨਕਦ ਰਾਸ਼ੀ ਦੇ ਨਾਲ ਇਕ ਸਿਰੋਪਾ, ਇਕ ਮੈਡਲ ਅਤੇ ਪਲੇਕ ਭੇਟ ਕੀਤੇ ਜਾਂਦੇ ਹਨ।

2.
ਹਿੰਦੀ ਦੇ ਲੋੜਵੰਦ ਲੇਖਕਾਂ/ਆਸ਼ਰਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ:
ਭਾਸ਼ਾ ਵਿਭਾਗ, ਪੰਜਾਬ ਆਰਥਿਕ ਪੱਖੋਂ ਕਮਜ਼ੋਰ ਹਿੰਦੀ ਲੇਖਕਾਂ ਅਤੇ ਉਨ੍ਹਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਹਰ ਸਾਲ ਮਾਲੀ ਸਹਾਇਤਾ ਦਿੰਦਾ ਹੈ ਤਾਂ ਜੋ ਉਹ ਆਪਣਾ ਜੀਵਨ-ਨਿਰਬਾਹ ਕਰ ਸਕਣ। ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਅਧੀਨ 15000/- ਰੁਪਏ ਦਾ ਸਾਲਾਨਾ ਬਜਟ ਉਪਬੰਧ ਪ੍ਰਵਾਨਤ ਹੈ ਜਿਸ ਨੂੰ ਸਹਾਇਤਾਂ ਪ੍ਰਾਪਤ ਕਰਨ ਵਾਲੇ ਹਿੰਦੀ ਲੇਖਕਾਂ/ ਆਸ਼ਰਿਤ ਪਰਿਵਾਰਾਂ ਸਹਾਇਤਾ ਦੇ ਤੌਰ ਤੇ ਬਰਾਬਰ-2 ਵੰਡ ਦਿੱਤਾ ਜਾਂਦਾ ਹੈ।

3. ਹਿੰਦੀ ਸਾਹਿਤ ਸਭਾਵਾਂ ਨੂੰ ਗ੍ਰਾਂਟ :
ਵਿਭਾਗ ਵੱਲੋਂ ਹਿੰਦੀ ਭਾਸ਼ਾ ਅਤੇ ਹਿੰਦੀ ਸਾਹਿਤ ਦੀ ਸੇਵਾ ਵਿੱਚ ਜੁਟੀਆਂ ਰਜਿਸਟਰਡ ਸਾਹਿਤ ਸਭਾਵਾਂ/ਸੰਸਥਾਵਾਂ ਨੂੰ ਹਰ ਸਾਲ ਮਾਲੀ ਸਹਾਇਤਾ ਦਿਤੀ ਜਾਂਦੀ ਹੈ। ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਅਧੀਨ 20,000/- ਰੁਪਏ ਦਾ ਸਾਲਾਨਾ ਬਜਟ ਉਪਬੰਧ ਪ੍ਰਵਾਨਤ ਹੈ ਜਿਸ ਨੂੰ ਹਰ ਸਾਲ ਗ੍ਰਾਂਟ ਲੈਣ ਵਾਲੀਆਂ ਪੰਜਾਬ ਦੀਆਂ ਹਿੰਦੀ ਸਾਹਿਤ ਸਭਾਵਾਂ ਵਿੱਚ ਬਰਾਬਰ-ਬਰਾਬਰ ਵੰਡ ਦਿੱਤਾ ਜਾਂਦਾ ਹੈ।

4.
ਹਿੰਦੀ ਲੇਖਕਾਂ ਨੂੰ ਪੈਨਸ਼ਨ :
ਵਿਭਾਗ ਵੱਲੋਂ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਿੰਦੀ ਦੇ ਲੇਖਕਾਂ ਨੂੰ 60 ਸਾਲ ਦੀ ਉਮਰ ਹੋ ਜਾਣ ਉਪਰੰਤ 800/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।

5.
ਸਰਵੋਤਮ ਹਿੰਦੀ ਸਾਹਿਤਕ ਪੁਸਤਕ ਪੁਰਸਕਾਰ
ਰਾਸ਼ਟਰ ਭਾਸ਼ਾ ਦੇ ਵਿਕਾਸ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਹਿੰਦੀ ਵਿੱਚ ਵੱਖ ਵੱਖ ਵਿਧਾਵਾਂ ਜਿਨ੍ਹਾਂ ਵਿੱਚ ਕਵਿਤਾ , ਨਾਵਲ/ਕਹਾਣੀ, ਨਾਟਕ/ਇਕਾਂਗੀ, ਆਲੋਚਨਾ/ਸੰਪਾਦਨ, ਜੀਵਨ/ਸਫ਼ਰਨਾਮਾ ਅਤੇ ਹਿੰਦੀ ਦਾ ਬਾਲ ਸਾਹਿਤ ਪੁਰਸਕਾਰ ਸ਼ਾਮਲ ਹਨ, ਦੀਆਂ ਸਰਵੋਤਮ ਹਿੰਦੀ ਪੁਸਤਕਾਂ ਨੂੰ ਪੁਰਸਕਾਰ ਦਿਤੇ ਜਾਂਦੇ ਹਨ। ਪੁਰਸਕਾਰ ਵਜੋਂ ਪੁਸਤਕਾਂ ਦੇ ਲੇਖਕਾਂ ਨੂੰ 5000 ਰੁਪਏ ਨਕਦ ਰਾਸ਼ੀ, ਪਲੇਕ ਆਦਿ ਇਕ ਵਿਸ਼ਾਲ ਸਮਾਰੋਹ ਸਮੇਂ ਭੇਂਟ ਕੀਤੇ ਜਾਂਦੇ ਹਨ। ਇਸ ਮੁਕਾਬਲੇ ਲਈ ਪੰਜਾਬ ਦੇ ਵਾਸੀ ਜਾਂ ਅਧਿਵਾਸੀ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਹਿੰਦੀ ਪੁਸਤਕਾਂ ਦੀਆਂ ਚਾਰ-ਚਾਰ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ।

6.
ਹਿੰਦੀ ਪੁਸਤਕ ਦੇ ਵਧੀਆ ਛਪਾਈ ਪੁਰਸਕਾਰ :'
ਇਸ ਸਕੀਮ ਅਧੀਨ ਵਿਭਾਗ ਵੱਲੋਂ ਹਰ ਸਾਲ ਹਿੰਦੀ ਦੀਆਂ ਵਧੀਆ ਛਪੀਆਂ ਪੁਸਤਕਾਂ ਦੇ ਪ੍ਰਕਾਸ਼ਕਾਂ ਨੂੰ ਪੁਰਸਕਾਰ ਵਜੋਂ 2500/- ਰੁਪਏ ਤੇ ਇਕ ਪਲੇਕ ਭੇਟ ਕੀਤੀ ਜਾਂਦੀ ਹੈ। ਇਸ ਮੁਕਾਬਲੇ ਲਈ ਪੰਜਾਬ ਦੇ ਵਾਸੀ ਜਾਂ ਅਧਿਵਾਸੀ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਹਿੰਦੀ ਪੁਸਤਕਾਂ ਦੀਆਂ ਦੋ-ਦੋ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ।

7. ਹਿੰਦੀ ਸਾਹਿਤ ਮੁਕਾਬਲੇ :
ਇਸ ਸਕੀਮ ਅਧੀਨ ਲੇਖਕਾਂ ਵਿੱਚ ਰਾਸ਼ਟਰ ਭਾਸ਼ਾ ਹਿੰਦੀ ਵਿੱਚ ਮੌਲਿਕ ਲੇਖਨ ਪ੍ਰਤੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਵਿਭਾਗ ਵੱਲੋਂ ਹਿੰਦੀ ਵਿੱਚ ਕਹਾਣੀ, ਇਕਾਂਗੀ, ਨਿਬੰਧ ਲਿਖਣ ਦਾ ਸਾਹਿਤਕ ਮੁਕਾਬਲਾ ਕਰਵਾਇਆ ਜਾਂਦਾ ਹੈ ਅਤੇ ਜੇਤੂਆਂ ਨੂੰ ਕ੍ਰਮਵਾਰ 500, 300 ਅਤੇ 200 ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਂਦਾ ਹੈ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ੨੧ ਸਾਲ ਤੋਂ ਘੱਟ ਉਮਰ ਵਾਲੇ ਲੇਖਕ ਦੀ ਵਧੀਆ ਰਚਨਾ ਨੂੰ ਹਰੇਕ ਵਨੰਗੀ ਲਈ 200 ਰੁਪਏ ਦਾ ਇਕ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਜਾਂਦਾ ਹੈ।

8.
ਹਿੰਦੀ ਕਵੀ ਸੰਮੇਲਨਾਂ ਦਾ ਆਯੋਜਨ :
ਜਨ ਸਾਧਾਰਣ ਵਿੱਚ ਹਿੰਦੀ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਵਿਭਾਗ ਵੱਲੋਂ ਹਰ ਸਾਲ ਪੰਜਾਬ ਦੇ ਉੱਘੇ ਸ਼ਹਿਰਾਂ ਵਿੱਚ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਤੇ ਕਵੀ ਸੰਮੇਲਨ ਕਰਵਾਏ ਜਾਂਦੇ ਹਨ। ਇਹ ਕਵੀ ਸੰਮੇਲਨ ਹਿੰਦੀ ਦੀ ਕਾਵਿ-ਪਰੰਪਰਾ ਨੂੰ ਅਮੀਰ ਬਣਾਉਣ ਲਈ ਹਰ ਸਾਲ ਵੱਖ ਵੱਖ ਥਾਵਾਂ ਤੇ ਕਰਵਾਏ ਜਾਂਦੇ ਹਨ।

9. ਹਿੰਦੀ ਦੀਆਂ ਸ੍ਰੇਸ਼ਟ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਪੰਜਾਬੀ ਦੀਆਂ ਸ੍ਰੇਸ਼ਟ ਪੁਸਤਕਾਂ ਦਾ ਹਿੰਦੀ ਵਿੱਚ ਅਨੁਵਾਦ:
ਇਹ ਵਿਭਾਗ ਦੀ ਇਕ ਬਹੁਤ ਮਹੱਤਵਪੂਰਣ ਯੋਜਨਾ ਹੈ ਜਿਸ ਅਧੀਨ ਹਿੰਦੀ ਦੀਆਂ ਸਰਵੋਤਮ ਪੁਸਤਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਅਤੇ ਪੰਜਾਬੀ ਦੀਆਂ ਸਰਵੋਤਮ ਪੁਸਤਕਾਂ ਨੂੰ ਹਿੰਦੀ ਵਿੱਚ ਅਨੁਵਾਦ ਕਰਵਾ ਕੇ ਪਾਠਕਾਂ ਨੂੰ ਭੇਂਟ ਕੀਤੀਆਂ ਜਾਂਦੀਆਂ ਹਨ । ਇਸ ਯੋਜਨਾ ਰਾਹੀਂ ਦੋਵੇਂ ਭਾਸ਼ਾਵਾਂ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ। ਵਿਭਾਗ ਨੇ ਬਹੁਤ ਸਾਰੀਆਂ ਪੁਸਤਕਾਂ ਨੂੰ ਅਨੁਵਾਦ ਕਰਵਾ ਕੇ ਮਹਾਨ ਕਾਰਜ ਕੀਤਾ ਹੈ।
ਇਸੇ ਤਰ੍ਹਾਂ ਪੰਜਾਬੀਆਂ ਦੀਆਂ ਉੱਤਮ ਸਾਹਿਤਕ ਕਿਰਤਾਂ ਜਿਵੇਂ 'ਘੋੜਾ ਬਾਦਸ਼ਾਹ' ਕ੍ਰਿਤ ਦੇਵੇਂਦਰ ਸਤਿਆਰਥੀ, 'ਚਮਕੌਰ ਦੀ ਗੜ੍ਹੀ' ਕ੍ਰਿਤ ਡਾ. ਹਰਚਰਨ ਸਿੰਘ, 'ਅਗਨੀ ਪ੍ਰੀਖਿਆ' ਕ੍ਰਿਤ ਡਾ. ਦਲੀਪ ਕੌਰ ਟਿਵਾਣਾ, 'ਕਲਾਕਾਰ' ਕ੍ਰਿਤ ਸੰਤ ਸਿੰਘ ਸੇਖੋਂ, 'ਕਲਯੁਗ ਰਥ ਅਗਨੀ' ਕ੍ਰਿਤ ਗੁਰਦਿਆਲ ਸਿੰਘ ਫੁੱਲ, 'ਪਰਾਇਆ ਘਰ' ਕ੍ਰਿਤ ਫੁੱਲ, 'ਪ੍ਰਭਾਵ' ਕ੍ਰਿਤ ਜੋਸ਼ੂਆ ਫਜ਼ਲਦੀਨ, 'ਘਰ ਬੈਠੀ ਬੇਟੀ' ਕ੍ਰਿਤ ਗੁਰਦਿਆਲ ਸਿੰਘ ਖੋਸਲਾ, 'ਸ਼ੋਭਾ ਸ਼ਕਤੀ' ਕ੍ਰਿਤ ਹਰਚਰਨ ਸਿੰਘ, 'ਉਦਾਸ ਲੋਕ' ਕ੍ਰਿਤ ਹਰਸ਼ਰਨ ਸਿੰਘ, 'ਗਲਤੀਆਂ' ਕ੍ਰਿਤ ਸੂਬਾ ਸਿੰਘ, 'ਸਭਰੰਗ' ਕ੍ਰਿਤ ਸੁਜਾਨ ਸਿੰਘ, 'ਕਿੰਗ ਮਿਰਜ਼ਾ ਤੇ ਸਪੇਰਾ' ਕ੍ਰਿਤ ਸੁਰਜੀਤ ਸਿੰਘ ਸੇਠੀ ਆਦਿ ਬਹੁਤ ਸਾਰੀਆਂ ਰਚਨਾਵਾਂ ਹਨ ਜੋ ਪੰਜਾਬੀ ਤੋਂ ਹਿੰਦੀ ਭਾਸ਼ਾ ਵਿੱਚ ਅਨੁਵਾਦ ਕਰਵਾਈਆਂ ਜਾ ਚੁਕੀਆਂ ਹਨ ਅਤੇ ਇਹ ਯੋਜਨਾ ਹੁਣ ਵੀ ਚਲ ਰਹੀ ਹੈ।

10. ਹਿੰਦੀ ਬਾਲ ਸਾਹਿਤ ਦਾ ਪ੍ਰਕਾਸ਼ਨ :
ਭਾਸ਼ਾ ਵਿਭਾਗ ਬੱਚਿਆਂ ਨੂੰ ਉਨ੍ਹਾਂ ਦੇ ਸਾਹਿਤ, ਸਭਿਆਚਾਰ ਅਤੇ ਇਤਿਹਾਸਕ ਵਿਰਸੇ ਨੂੰ ਜਾਣੂ ਕਰਵਾਉਣ ਲਈ ਹਿੰਦੀ ਵਿੱਚ ਸਚਿੱਤਰ ਬਾਲ ਸਾਹਿਤ ਦਾ ਪ੍ਰਕਾਸ਼ਨ ਕਰਵਾ ਰਿਹਾ ਹੈ। ਇਸ ਨਾਲ ਹਿੰਦੀ ਵਿੱਚ ਬਾਲ ਸਾਹਿਤ ਤਿਆਰ ਕਰਨਾ ਅਤੇ ਛਪਵਾਉਣਾ ਪੰਜਾਬ ਦੇ ਬੱਚਿਆਂ ਤੇ ਮਾਨਸਿਕ ਤੇ ਬੌਧਿਕ ਵਿਕਾਸ ਲਈ ਬਹੁਤ ਲਾਭਦਾਇਕ ਹੋਵੇਗਾ। ਪੰਜਾਬ ਤੋਂ ਬਾਹਰ ਰਹਿਣ ਵਾਲੇ ਬੱਚੇ ਵੀ ਪੰਜਾਬ ਅਤੇ ਇਸ ਦੇ ਸਾਹਿਤਕ ਸਭਿਆਚਾਰਕ ਅਤੇ ਧਾਰਮਿਕ ਵਿਰਸੇ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਣਗੇ।

11. ਹਿੰਦੀ ਨਾਟਕ ਪ੍ਰਤਿਯੋਗਤਾ :-
ਹਿੰਦੀ ਨਾਟਕ ਦੇ ਵਿਕਾਸ ਅਤੇ ਮੰਚ ਸਬੰਧੀ ਸਹੂਲਤਾਂ ਮੁਹੱਈਆ ਕਰਨ ਲਈ ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਨਾਟਕ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਨਾਲ ਹਿੰਦੀ ਨਾਟਕ ਲੇਖਣ ਕਰਨ ਵਿੱਚ ਲੇਖਕਾਂ ਨੂੰ ਉਤਸ਼ਾਹ ਮਿਲਦਾ ਹੈ। ਇਸ ਨਾਟਕ ਪ੍ਰਤਿਯੋਗਤਾ ਨਾਲ ਬੱਚਿਆਂ ਵਿੱਚ ਹਿੰਦੀ ਸਾਹਿਤ ਦਾ ਅਧਿਐਨ ਕਰਨ ਅਤੇ ਉਸ ਸਬੰਧੀ ਰੁਚੀ ਪੈਦਾ ਕਰਨ ਵਿੱਚ ਸਹਾਇਤਾ ਪ੍ਰਾਪਤ ਹੁੰਦਾ ਹੈ।

12. ਮੌਕੇ ਤੇ ਸਾਹਿਤਕ ਪ੍ਰਤਿਯੋਗਤਾ ਅਤੇ ਕਵਿਤਾ ਗਾਇਨ ਪ੍ਰਤਿਯੋਗਤਾਵਾਂ ਕਰਵਾਉਣਾ :
ਭਾਸ਼ਾ ਵਿਭਾਗ ਪੰਜਾਬ ਵਿਦਿਆਰਥੀਆਂ ਨੂੰ ਮੌਲਿਕ ਸਾਹਿਤ ਲਿਖਣ ਦੀ ਪ੍ਰੇਰਣਾ ਦੇਣ ਲਈ ਮੌਕੇ ਤੇ ਹਿੰਦੀ ਸਾਹਿਤ ਲੇਖਣ ਪ੍ਰਤਿਯੋਗਤਾਵਾਂ ਅਤੇ ਕਵਿਤਾ ਗਾਇਨ ਪ੍ਰਤਿਯੋਗਤਾਵਾਂ ਕਰਵਾਉਦਾ ਹੈ। ਇਨ੍ਹਾਂ ਪ੍ਰਤਿਯੋਗਤਾਵਾਂ ਕਰਵਾਉਣ ਦਾ ਮੰਤਵ ਬੱਚਿਆਂ ਵਿੱਚ ਹਿੰਦੀ ਸਾਹਿਤ ਪੜ੍ਹਣ ਅਤੇ ਲੇਖਣ ਕਰਵਾਉਣ ਲਈ ਰੁਚੀ ਪੈਦਾ ਕਰਨਾ ਹੈ ਤਾਂ ਜੋ ਉਹ ਵੱਡੇ ਹੋ ਕੇ ਸ੍ਰੇਸ਼ਠ ਸਾਹਿਤ ਦੀ ਸਿਰਜਣਾ ਕਰ ਸਕਣ ਅਤੇ ਦੇਸ਼ ਅਤੇ ਕੌਮ ਦੀ ਸੇਵਾ ਕਰ ਸਕਣ। ਇਸੇ ਯੋਜਨਾ ਦੇ ਅੰਤਰਗਤ ਕਵਿਤਾ, ਨਿਬੰਧ, ਕਹਾਣੀ ਸਾਹਿਤ ਸਿਰਜਣ ਪ੍ਰਤਿਯੋਗਤਾ ਕਰਵਾਈ ਅਤੇ ਕਵਿਤਾ ਗਾਇਨ ਪ੍ਰਤਿਯੋਗਤਾ ਕਰਵਾਈ ਜਾਂਦੀ ਹੈ। ਇਨ੍ਹਾਂ ਪ੍ਰਤਿਯੋਗਤਾਵਾਂ ਵਿੱਚ ਹਰੇਕ ਵਿਧਾ ਵਿੱਚ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਕ੍ਰਮਵਾਰ 250/-, 200/-, 100/- ਰੁਪਏ ਦੇ ਪੁਰਸਕਾਰ ਦਿਤੇ ਜਾਂਦੇ ਹਨ।

13. ਹਿੰਦੀ ਦੇ ਸ੍ਰੇਸ਼ਠ ਸਾਹਿਤਯ ਦਾ ਪ੍ਰਕਾਸ਼ਨ ਕਰਵਾਉਣਾ :
ਭਾਸ਼ਾ ਵਿਭਾਗ, ਪੰਜਾਬ ਸੁਪ੍ਰਸਿੱਧ ਹਿੰਦੀ ਸਾਹਿਤਕਾਰਾਂ ਦੀਆਂ ਸ੍ਰੇਸ਼ਠ ਰਚਨਾਵਾਂ ਨੂੰ ਹਰੇਕ ਵਰ੍ਹੇ 'ਵਰਸ਼ ਕਾ ਸ੍ਰੇਸ਼ਠ ਹਿੰਦੀ ਸਾਹਿਤਯ' ਯੋਜਨਾ ਅਧੀਨ ਸੰਪਾਦਿਤ ਕਰਵਾ ਕੇ ਪ੍ਰਕਾਸ਼ਿਤ ਕਰਵਾਉਂਦਾ ਹੈ। ਹੁਣ ਤੱਕ ਇਸ ਦੇ ਬਹੁਤ ਸਾਰੇ ਸੰਕਲਨ ਤਿਆਰ ਕਰਵਾਏ ਜਾ ਚੁੱਕੇ ਹਨ ਜਿਵੇਂ ਪੰਜਾਬ ਕੀ ਸਰਵੋਤਮ ਹਿੰਦੀ ਕਹਾਣੀ ਵਰਸ਼-1984-85, ਹਿੰਦੀ ਕਵਿਤਾ ਵਰਸ਼-1986, ਹਿੰਦੀ ਇਕਾਂਗੀ ਵਰਸ਼-1987, ਹਿੰਦੀ ਨਿਬੰਧ ਵਰਸ਼-1986, ਸਰਵੋਤਮ ਹਿੰਦੀ ਸਾਹਿਤਯ ਵਰਸ਼-1989-90, ਸਰਵੋਤਮ ਹਿੰਦੀ ਕਹਾਨੀ ਵਰਸ਼-1991, ਸਰਵੋਤਮ ਹਿੰਦੀ ਕਵਿਤਾ ਵਰਸ਼-1992 ਆਦਿ ਵਿਭਾਗ ਵੱਲੋਂ ਤਿਆਰ ਕਰਵਾਏ ਜਾ ਚੁੱਕੇ ਹਨ। ਇਸ ਨਾਲ ਹਿੰਦੀ ਲੇਖਕਾਂ ਵਿੱਚ ਲਿਖਣ ਦੀ ਰੁਚੀ ਪੈਦਾ ਹੋਈ ਹੈ ਅਤੇ ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਜਾਣਕਾਰੀ ਭਰਪੂਰ ਵਾਧਾ ਹੋਇਆ ਹੈ।

14. ਹਿੰਦੀ ਦਿਵਸ ਦਾ ਆਯੋਜਨ :
ਰਾਸ਼ਟਰ ਭਾਸ਼ਾ ਹਿੰਦੀ ਦੇ ਵਿਕਾਸ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਹਿੰਦੀ ਦਿਵਸ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਹਿੰਦੀ ਦੇ ਵਿਕਾਸ ਅਤੇ ਪ੍ਰਚਾਰ ਪ੍ਰਸਾਰ ਲਈ ਉੱਘੇ ਵਿਦਵਾਨਾਂ ਪਾਸੋਂ ਭਾਸ਼ਣ/ਖੋਜ-ਪੱਤਰ ਲਿਖਵਾਏ ਜਾਂਦੇ ਹਨ।

 

© ਸਭ ਅਧਿਕਾਰ ਰਾਖਵੇਂ ਹਨ।