ਕੋਸ਼ਕਾਰੀ

ਪੰਜਾਬੀ ਦੇ ਰਾਜ ਭਾਸ਼ਾ ਬਣਨ ਨਾਲ ਵਿਸਤਰਿਤ ਸ਼ਬਦਾਵੱਲੀ ਦੀ ਲੋੜ ਮਹਿਸੂਸ ਕੀਤੀ ਗਈ ਜਿਸ ਨੂੰ ਪੂਰਾ ਕਰਨ ਲਈ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ, ਪੰਜਾਬ) ਸਥਾਪਤ ਕੀਤਾ ਗਿਆ ਅਤੇ 1949 ਈ. ਵਿੱਚ ਕੋਸ਼ਕਾਰੀ ਭਾਗ ਨੂੰ ਪੰਜਾਬੀ ਦਾ ਇਕ ਵਿਸਤਰਿਤ ਕੋਸ਼ ਤਿਆਰ ਕਰਨ ਦਾ ਕਾਰਜ ਸੌਂਪਿਆ ਗਿਆ। ਸੰਨ 1983 ਤੱਕ ਵਿਭਾਗ ਨੇ ਛੇ ਜਿਲਦਾਂ ਵਿੱਚ ਪੰਜਾਬੀ-ਪੰਜਾਬੀ ਕੋਸ਼ ਤਿਆਰ ਕੀਤਾ ਜਿਸ ਵਿੱਚ 3400 ਪੰਨਿਆਂ ਵਿੱਚ ਲੱਗਭਗ ਡੇਢ ਲੱਖ ਐਂਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ ਤੇ ਨਾਲ ਹੀ ਸ਼ਬਦਾਂ ਦੀ ਵਿਆਕਰਣ ਤੇ ਨਿਰੁਕਤੀ ਵੀ ਦਿਤੀ ਗਈ ਹੈ। ਛੇ ਜਿਲਦਾਂ ਦੇ ਵਿਸਤਰਿਤ ਕੋਸ਼ ਤੋਂ ਇਲਾਵਾ ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਦੀ ਇਕ ਪ੍ਰਮਾਣਿਕ ਡਿਕਸ਼ਨਰੀ (ਪ੍ਰਮਾਣਿਕ ਪੰਜਾਬੀ ਕੋਸ਼) ਵੀ ਤਿਆਰ ਕੀਤੀ ਗਈ। ਪੰਜਾਬੀ ਦੀਆਂ ਉਪ-ਭਾਸ਼ਾਵਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਅਤੇ ਪੁਆਧੀ ਤੇ ਪੋਠੋਹਾਰੀ ਕੋਸ਼ ਵੀ ਤਿਆਰ ਕੀਤੇ ਗਏ ਹਨ। ਭਾਸ਼ਾਵਾਂ ਦੇ ਆਦਾਨ ਪ੍ਰਦਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੋ-ਭਾਸ਼ੀ, ਤ੍ਰੈ-ਭਾਸ਼ੀ ਅਤੇ ਬਹੁ-ਭਾਸ਼ੀ ਕੋਸ਼ ਵੀ ਇਸ ਸਕੀਮ ਅਧੀਨ ਪ੍ਰਕਾਸ਼ਿਤ ਕਰਕੇ ਪਾਠਕਾਂ ਦੀ ਝੋਲੀ ਵਿੱਚ ਪਾਏ ਗਏ ਜਿਵੇਂ ਹਿੰਦੀ-ਪੰਜਾਬੀ ਕੋਸ਼, ਪੰਜਾਬੀ-ਹਿੰਦੀ ਕੋਸ਼, ਉਰਦੂ-ਪੰਜਾਬੀ-ਹਿੰਦੀ ਕੋਸ਼, ਪੰਜਾਬੀ-ਕਸ਼ਮੀਰੀ ਕੋਸ਼, ਪੰਜਾਬੀ-ਹਿੰਦੀ-ਕਾਂਗੜੀ ਕੋਸ਼ ਆਦਿ ਤੋਂ ਇਲਾਵਾ ਪੰਜਾਬੀ- ਉਰਦੂ ਕੋਸ਼, ਡੋਗਰੀ- ਪੰਜਾਬੀ ਕੋਸ਼, ਪੰਜਾਬੀ-ਅੰਗਰੇਜ਼ੀ ਕੋਸ਼, ਪੰਜਾਬੀ-ਅੰਗਰੇਜ਼ੀ ਕੋਸ਼-ਮੈਟਰਿਕ ਪੱਧਰ, ਅੰਗਰੇਜ਼ੀ-ਪੰਜਾਬੀ ਮਿਡਲਕੋਸ਼ ਵੀ ਭਾਗ ਵੱਲੋਂ ਤਿਆਰ ਕੀਤੇ ਜਾ ਚੁੱਕੇ ਹਨ।
ਅਖਾਣ ਮੁਹਾਵਰੇ ਕਿਸੇ ਭਾਸ਼ਾ ਦੀ ਅਮੀਰੀ ਦਾ ਚਿੰਨ੍ਹ ਹੁੰਦੇ ਹਨ। ਇਹ ਭਾਸ਼ਾ ਨੂੰ ਸ਼ਿੰਗਾਰਣ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਸਾਂਭਣ ਲਈ ਵਿਭਾਗ ਨੇ ਪੰਜਾਬੀ ਅਖਾਣ ਕੋਸ਼ ਅਤੇ ਪੰਜਾਬੀ ਮੁਹਾਵਰਾ ਕੋਸ਼ ਪ੍ਰਕਾਸ਼ਿਤ ਕੀਤੇ ਹਨ। ਉਕਤ ਤੋਂ ਇਲਾਵਾ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸਚਿੱਤਰ-ਪ੍ਰਾਇਮਰੀ ਕੋਸ਼, ਪੰਜਾਬੀ-ਮਿਡਲ ਕੋਸ਼ ਪ੍ਰਕਾਸ਼ਿਤ ਕਰਵਾਏ ਜਾ ਚੁੱਕੇ ਹਨ। ਸਕੂਲੀ ਪੱਧਰ ਦੀਆਂ ਤ੍ਰੈਭਾਸ਼ੀ ਸ਼ਬਦਾਵਲੀਆਂ, ਮਿਡਲ-ਮੈਟਰਿਕ ਤੇ ਪਲੱਸ-ਟੂ (10+2) ਪੱਧਰ ਦੀਆਂ ਸ਼ਬਦਾਵਲੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਕਿੱਸਾ ਸਾਹਿਤ ਵੀ ਪੰਜਾਬੀ ਦਾ ਮਹੱਤਵਪੂਰਣ ਅੰਗ ਹੈ ਜਿਸ ਨੂੰ ਸੰਭਾਲਣ ਲਈ 'ਕਿੱਸਾ ਸੰਦਰਭ ਕੋਸ਼' ਪ੍ਰਕਾਸ਼ਿਤ ਕਰਵਾਇਆ ਗਿਆ ਹੈ ਅਤੇ ਵਾਰਸ ਮੁਹਾਵਰਾ ਕੋਸ਼ ਵੀ ਤਿਆਰ ਕਰਵਾਇਆ ਗਿਆ ਹੈ। ਭਾਸ਼ਾ ਵਿੱਚ ਆਉਂਦੀਆਂ ਤਬਦੀਲੀਆਂ ਨੂੰ ਮੁੱਖ ਰੱਖਦੇ ਹੋਏ ਉਕਤ ਕੋਸ਼ਾਂ ਦੇ ਸੋਧੇ ਐਡੀਸ਼ਨ ਵੀ ਨਾਲੋਂ ਨਾਲ ਤਿਆਰ ਕੀਤੇ ਜਾ ਚੁੱਕੇ ਹਨ। ਪੋਠੋਹਾਰੀ ਕੋਸ਼ ਦਾ ਸੋਧਿਆ ਐਡੀਸ਼ਨ ਛਾਪਿਆ ਜਾ ਚੁੱਕਾ ਹੈ। ਕੋਸ਼ਕਾਰੀ ਭਾਗ ਵੱਲੋਂ ਤਿਆਰ ਕੀਤੇ ਕੋਸ਼ਾਂ ਦੀ ਸੂਚੀ ਪੁਸਤਕ ਸੂਚੀ ਵਿੱਚ ਵੇਖੀ ਜਾ ਸਕਦੀ ਹੈ।

© ਸਭ ਅਧਿਕਾਰ ਰਾਖਵੇਂ ਹਨ।