ਪੰਜਾਬੀ ਨਕਸ਼

ਪੰਜਾਬ ਦਾ ਆਪਣਾ ਇਕ ਅਮੀਰ ਸਭਿਆਚਾਰਕ ਵਿਰਸਾ ਹੈ। ਦੁਨੀਆ ਭਰ ਦੇ ਸਭਿਆਚਾਰਾਂ ਵਿਚ ਪੰਜਾਬੀ ਸਭਿਆਚਾਰ ਦੀ ਆਪਣੀ ਵਿਲੱਖਣ ਤੇ ਨਿਵੇਕਲੀ ਹੋਂਦ ਹੈ। ਇਹ ਸਾਡੀ ਕੌਮ ਦਾ ਇਕ ਵਡਮੁੱਲਾ ਸਰਮਾਇਆ ਹੈ। ਅੱਜ ਦੇ ਵਿਗਿਆਨਕ ਤੇ ਮਸ਼ੀਨੀ ਯੁੱਗ ਵਿਚ ਤੇਜ਼ ਰਫਤਾਰ ਨਾਲ ਚਲ ਰਹੀ ਜ਼ਿੰਦਗੀ ਦੀ ਦੌੜ ਵਿਚ ਅਜੋਕਾ ਮਨੁੱਖ ਆਪਣੇ ਸਭਿਆਚਾਰ ਤੋਂ ਅਵੇਸਲਾ ਹੁੰਦਾ ਜਾ ਰਿਹਾ ਹੈ। ਸਾਡੀ ਅੱਜ ਦੀ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡਾ ਸਭਿਆਚਾਰ ਕਿਤਾਬਾਂ ਅਤੇ ਤਸਵੀਰਾਂ ਤਕ ਸੀਮਤ ਹੁੰਦਾ ਜਾ ਰਿਹਾ ਹੈ ਪ੍ਰੰਤੂ ਆਪਣੇ ਸਭਿਆਚਾਰਕ ਵਿਰਸੇ ਨਾਲੋਂ ਟੁੱਟ ਕੇ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ। ਇਸ ਅਣਮੋਲ ਖਜ਼ਾਨੇ ਨੂੰ ਸੁੱਰਖਿਅਤ ਰੱਖਣ ਅਤੇ ਅਮੀਰ ਬਣਾਉਣ ਦੀ ਲੋੜ ਹੈ। ਆਪਣੇ ਇਸ ਅਮੀਰ ਅਤੇ ਗੌਰਵਮਈ ਸਭਿਆਚਾਰਕ ਵਿਰਸੇ ਦੇ ਨਕਸ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਕਾਰ ਰੂਪ ਵਿਚ ਦਿਖਾਉਣ ਲਈ ਭਾਸ਼ਾ ਵਿਭਾਗ, ਪੰਜਾਬ ਨੇ ਸਾਲ 1995 ਵਿਚ 'ਪੰਜਾਬੀ ਨਕਸ਼' ਨਾਂ ਹੇਠ ਵਿਭਾਗ ਦੀ ਬਹੁਮੰਜ਼ਲੀ ਇਮਾਰਤ ਦੇ ਉਪਰਲੇ ਹਿੱਸੇ ਵਿਚ ਇਕ ਮਿਊਜ਼ੀਅਮ ਦੀ ਸਥਾਪਨਾ ਕੀਤੀ ਹੈ ਜਿਸ ਵਿਚ ਪੰਜਾਬੀ ਸਭਿਆਚਾਰ ਨਾਲ ਸਬੰਧਤ ਕੁਝ ਅਲੋਪ ਹੋ ਰਹੀਆਂ ਚੀਜ਼ਾਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਤੋਂ ਜਾਣੂ ਹੋ ਸਕਣ।

ਪੰਜਾਬੀ ਸਭਿਆਚਾਰ ਪਿੰਡਾਂ ਵਿਚ ਹੀ ਜਨਮਿਆ ਤੇ ਵਿਕਸਤ ਹੋਇਆ ਹੈ। ਪੰਜਾਬ ਦੀ ਵਧੇਰੇ ਅਬਾਦੀ ਪਿੰਡਾਂ ਵਿਚ ਰਹਿੰਦੀ ਹੈ। ਇਸੇ ਲਈ ਪੰਜਾਬੀ ਸਭਿਆਚਾਰ ਦੀ ਜਨਮ ਭੂਮੀ ਹੀ ਪੇਂਡੂ ਧਰਤੀ ਨੂੰ ਮੰਨਿਆ ਜਾ ਸਕਦਾ ਹੈ। ਭਾਵੇਂ ਹਰ ਇਕ ਪਿੰਡ ਵਿਚ ਵੱਖ ਵੱਖ ਧਰਮਾਂ, ਜਾਤਾਂ ਤੇ ਵਰਣਾਂ ਦੇ ਲੋਕ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਦੀ ਰਹਿਣੀ-ਬਹਿਣੀ, ਰੀਤੀ ਰਿਵਾਜ, ਕਾਰ-ਵਿਹਾਰ ਤੇ ਖਾਣ-ਪੀਣ ਦੇ ਤੌਰ ਤਰੀਕੇ ਕਾਫੀ ਹੱਦ ਤਕ ਇਕੋ ਜਿਹੇ ਹਨ। ਵਰਤਮਾਨ ਯੁੱਗ ਸਾਇੰਸ ਦਾ ਯੁੱਗ ਹੋਣ ਕਰਕੇ ਪਿੰਡਾਂ ਵਿਚੋਂ ਆਮ ਵਰਤੋਂ ਵਿਚ ਆਉਣ ਵਾਲੀਆਂ ਬਹੁਤ ਸਾਰੀਆਂ ਵਸਤਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਜਿਵੇਂ ਚੱਕੀ, ਖੂਹ, ਨਾਲੇ ਬੁਨਣ ਦੇ ਅੱਡੇ, ਚਰਖੇ, ਚਾਟੀ, ਮਧਾਣੀ, ਕੱਤਣੀ, ਛੱਜ, ਹਲ, ਸੁਹਾਗਾ, ਗਹਿਣੇ ਆਦਿ। ਅਲੋਪ ਹੋ ਰਹੇ ਇਨ੍ਹਾਂ ਪੁਰਾਤਨ ਚਿੰਨ੍ਹਾਂ ਦੀ ਸੰਭਾਲ ਲਈ ਵਿਭਾਗ ਦਾ ਇਹ ਸਾਰਥਕ ਉਪਰਾਲਾ ਹੈ। ਇਥੇ ਪੁਰਾਤਨ ਫੁਲਕਾਰੀਆਂ ਜਿਹੜੀਆਂ ਕਿ ਅਜੋਕੀਆਂ ਮੁਟਿਆਰਾਂ ਦੇ ਕਾਰਜੀ ਜੀਵਨ ਵਿਚੋਂ ਲਗਭਗ ਖਤਮ ਹੋ ਚੁੱਕੀਆਂ ਹਨ, ਨੂੰ ਬਾਖ਼ੂਬੀ ਸਜਾ ਕੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬਣਾਂ ਵੱਲੋਂ ਪਹਿਨੇ ਜਾਂਦੇ ਘਗਰੇ, ਵਰਤੇ ਜਾਣ ਵਾਲੇ ਪਿੱਤਲ ਦੇ ਭਾਂਡੇ ਅਤੇ ਮਿੱਟੀ ਦੇ ਬਣੇ ਹਾਰੇ ਅਤੇ ਚੁੱਲ੍ਹੇ ਆਦਿ ਵੀ ਸੰਭਾਲੇ ਗਏ ਹਨ। ਅੱਜ ਦੇ ਮਸ਼ੀਨੀ ਯੁੱਗ ਦੀ ਦੌੜ ਨੇ ਔਰਤਾਂ ਦੁਆਰਾ ਨਾਲੇ ਬੁਣਨ ਅਤੇ ਚਰਖਾ ਕੱਤਣ ਦੇ ਕਾਰਜਾਂ ਨੂੰ ਵਿਸਾਰ ਦਿੱਤਾ ਹੈ। ਪੰਜਾਬਣ ਮੁਟਿਆਰਾਂ ਦੀ ਸਿਮਰਤੀ ਵਿਚ ਇਨ੍ਹਾਂ ਦੀ ਯਾਦ ਨੂੰ ਸੰਭਾਲੀ ਰੱਖਣ ਲਈ ਨਾਲੇ ਬੁਣਨ ਵਾਲਾ ਅੱਡਾ ਅਤੇ ਫੁੱਲਾਂ ਨਾਲ ਸ਼ਿੰਗਾਰੀ ਕੱਤਣੀ ਦੇ ਸੁੰਦਰ ਨਮੂਨਿਆਂ ਨੂੰ ਵੀ ਇਸ ਮਿਊਜ਼ੀਅਮ ਦਾ ਹਿੱਸਾ ਬਣਾਇਆ ਗਿਆ ਹੈ। ਇਕ ਸਮਾਂ ਸੀ ਜਦੋਂ ਪੰਜਾਬਣਾਂ ਕਈ ਕਿਸਮ ਦੇ ਗਹਿਣੇ ਪਹਿਨਦੀਆਂ ਸਨ ਜਿਨ੍ਹਾਂ ਵਿਚ ਸੱਗੀ ਫੁੱਲ, ਪਿੱਪਲ ਪੱਤੀਆਂ, ਨੱਥ, ਕਰਨਫੁੱਲ, ਢੇਡੂ, ਲੌਂਗ ਆਦਿ ਪ੍ਰਮੁੱਖ ਹੁੰਦੇ ਸਨ ਪ੍ਰੰਤੂ ਸਾਡੀਆਂ ਅਜੋਕੀਆਂ ਮੁਟਿਆਰਾਂ ਨੂੰ ਕੁਝ ਖਾਸ ਕਿਸਮ ਦੇ ਗਹਿਣਿਆਂ ਤੋਂ ਇਲਾਵਾ ਇਨ੍ਹਾਂ ਪੁਰਾਤਨ ਕਿਸਮ ਦੇ ਗਹਿਣਿਆਂ ਦੀ ਕੋਈ ਜਾਣਕਾਰੀ ਨਹੀਂ ਹੈ। ਵਿਭਾਗ ਵੱਲੋਂ ਇਨ੍ਹਾਂ ਪੁਰਾਤਨ ਗਹਿਣਿਆਂ ਦੀਆਂ ਕੁਝ ਕੁ ਵੰਨਗੀਆਂ ਦੀ ਸੰਭਾਲ ਵੀ ਕੀਤੀ ਗਈ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪੰਜਾਬੀ ਸਭਿਆਚਾਰ ਦੀ ਅਮੀਰੀ ਤੋਂ ਜਾਣੂ ਕਰਵਾਇਆ ਜਾ ਸਕੇ। ਅਜੇ ਵੀ ਵਿਭਾਗ ਦੀ ਪੂਰੀ ਕੋਸ਼ਿਸ਼ ਹੈ ਕਿ ਪੁਰਾਤਨ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਨਾਲ ਸਬੰਧਤ ਹੋਰ ਮਹੱਤਵਪੂਰਨ ਵਸਤਾਂ ਨੂੰ ਪ੍ਰਾਪਤ ਕਰਕੇ ਇਸ ਮਿਊਜ਼ੀਅਮ ਦਾ ਹਿੱਸਾ ਬਣਾਇਆ ਜਾਵੇ। ਸਮੂਹ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਪਾਸ ਪੁਰਾਣੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਕੋਈ ਵਸਤੂ ਜਾਂ ਯਾਦ ਹੋਵੇ ਤਾਂ ਉਹ ਵਿਭਾਗ ਨਾਲ ਸੰਪਰਕ ਕਰਕੇ ਭੇਟਾ ਕਰ ਸਕਦਾ ਹੈ। ਉਨ੍ਹਾਂ ਵਲੋਂ ਭੇਟ ਕੀਤੀ ਵਸਤੂ ਨੂੰ ਉਨ੍ਹਾਂ ਦੇ ਨਾਮ ਹੇਠ ਇਸ ਪੰਜਾਬੀ ਨਕਸ਼ ਵਿਚ ਸੰਭਾਲ ਕੇ ਰੱਖਿਆ ਜਾਵੇਗਾ। ਇਸ ਲਈ ਵਿਭਾਗ ਉਨ੍ਹਾਂ ਦਾ ਅਤਿ-ਧੰਨਵਾਦੀ ਹੋਵੇਗਾ।

© ਸਭ ਅਧਿਕਾਰ ਰਾਖਵੇਂ ਹਨ।