ਪੰਜਾਬ ਸਰਕਾਰ ਦੀ ਭਾਸ਼ਾ ਨੀਤੀ ਤਹਿਤ ਸਮੂਹ ਸਰਕਾਰੀ-ਅਰਧ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਅਧਿਕਾਰੀਆਂ- ਕਰਮਚਾਰੀਆਂ ਦੇ ਨਾਲ ਨਾਲ ਸਮੂਹ ਪੰਜਾਬੀ ਜਗਤ ਨੂੰ ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਜੋੜਨ ਲਈ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੀ ਸੈਕੂਲਰ ਪ੍ਰਵਿਰਤੀ ਤੇ ਭਰਪੂਰ ਸਾਹਿਤਕ ਤੇ ਸਭਿਆਚਾਰਕ ਵਿਰਸੇ ਨੂੰ ਉਜਾਗਰ ਕਰਨ ਹਿਤ ਅਤੇ ਇਕ ਲੋਕ ਲਹਿਰ ਦੇ ਤੌਰ ਤੇ ਪੂਰੇ ਪੰਜਾਬ ਨੂੰ ਇਸ ਨਾਲ ਜੋੜਨ ਲਈ ਹਰ ਸਾਲ ਨਵੰਬਰ ਵਿਚ ਪੰਜਾਬੀ ਸਪਤਾਹ / ਪੰਜਾਬੀ ਮਾਹ ਮਨਾਏ ਜਾਂਦੇ ਹਨ। ਇਸ ਵਿਚ ਪੰਜਾਬ ਦੇ ਸਾਰੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰੇ ਅਤੇ ਇਨ੍ਹਾਂ ਤੋਂ ਇਲਾਵਾ ਸਾਹਿਤ ਸਭਾਵਾਂ, ਵਿਦਵਾਨ ਤੇ ਖੋਜੀ, ਅਧਿਆਪਕ, ਪ੍ਰਕਾਸ਼ਕ, ਆਲੋਚਕ ਅਤੇ ਪਾਠਕ, ਸਾਹਿਤਕਾਰ ਤੇ ਕਲਾਕਾਰ, ਲੋਕ ਵਿਰਸੇ ਦੇ ਰਾਖੇ ਅਤੇ ਸਮਾਜ ਤੇ ਸਿਆਸਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਆਪੋ ਆਪਣਾ ਯੋਗਦਾਨ ਪਾ ਕੇ ਪੰਜਾਬੀਅਤ ਦੇ ਕਾਫ਼ਲੇ ਨੂੰ ਤਰੱਕੀ ਦੀਆਂ ਮੰਜ਼ਿਲਾਂ ਵੱਲ ਵਧਾਉਣ ਵਿਚ ਸਹਾਈ ਹੁੰਦੇ ਹਨ। ਪੂਰੇ ਪੰਜਾਬ ਵਿਚ ਪੰਜਾਬੀ ਦੇ ਵਿਕਾਸ ਦੀਆਂ ਸਰਬਪੱਖੀ ਸੰਭਾਵਨਾਵਾਂ ਤੇ ਸਮੱਸਿਆਵਾਂ ਬਾਰੇ ਉੱਘੀਆਂ ਸ਼ਖ਼ਸੀਅਤਾਂ ਦੇ ਭਾਸ਼ਣ, ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਬਾਰੇ ਸਾਹਿਤ ਗੋਸ਼ਟੀਆਂ ਤੇ ਗਰੁੱਪ ਚਰਚਾ, ਸਭਿਆਚਾਰਕ ਝਲਕੀਆਂ, ਪੁਸਤਕ ਮੇਲੇ, ਸਾਲ ਦੇ ਸਰਵੋਤਮ ਸਾਹਿਤਕਾਰਾਂ, ਕਲਾਕਾਰਾਂ ਦੇ ਸਨਮਾਨ ਅਤੇ ਵਿਭਾਗ ਦੁਆਰਾ ਕਰਵਾਏ ਵੱਖ-ਵੱਖ ਰਾਜ ਪੱਧਰ ਦੇ ਮੁਕਾਬਲਿਆਂ ਲਈ ਪੁਰਸਕਾਰ ਭੇਟ ਕੀਤੇ ਜਾਂਦੇ ਹਨ। ਪੰਜਾਬੀ ਸਪਤਾਹ/ਪੰਜਾਬੀ ਮਾਹ ਦੌਰਾਨ ਮੁੱਖ ਦਫ਼ਤਰ, ਪਟਿਆਲਾ ਵਿਖੇ ਅੰਤਰਰਾਜੀ ਪੱਧਰ ਦਾ ਪੁਸਤਕ ਮੇਲਾ ਵੀ ਲਗਾਇਆ ਜਾਂਦਾ ਹੈ। ਇਸ ਮੇਲੇ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਬਹੁਤ ਸਾਰੇ ਪ੍ਰਾਈਵੇਟ ਪ੍ਰਕਾਸ਼ਕ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ, ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ।
ਪਾਠਕਾਂ ਦੀ ਸਾਹਿਤਕ ਤੇ ਸਭਿਆਚਾਰਕ ਤ੍ਰਿਪਤੀ ਦੀ ਪੂਰਤੀ ਲਈ ਪੰਜਾਬ ਸਰਕਾਰ ਦੇ ਇਸ ਵਿਭਾਗ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਅਤੇ ਵਿਭਾਗ ਦੇ ਇਸ ਉੱਦਮ ਨੁੰ ਪਾਠਕਾਂ-ਖੋਜਾਰਥੀਆਂ, ਵਿਦਵਾਨਾਂ ਅਤੇ ਵਿਦਿਅਕ ਅਦਾਰਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਰਹਿੰਦਾ ਹੈ। ਇਸ ਪੂਰੇ ਸਪਤਾਹ/ਮਾਹ ਦੌਰਾਨ ਪੰਜਾਬ ਦੇ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ਤੋਂ ਇਲਾਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਵਿਭਾਗ ਦੇ ਦਫ਼ਤਰਾਂ ਵੱਲੋਂ ਆਪਣੀ ਪੱਧਰ ਤੇ ਸਮਾਗਮ ਕਰਵਾ ਕੇ ਮਾਤ-ਭਾਸ਼ਾ ਪੰਜਾਬੀ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਮਾਤ-ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਜਨ-ਜਨ ਤਕ ਆਪਣਾ ਸੁਨੇਹਾ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਭਾਸ਼ਾ ਵਿਭਾਗ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਮੂਹ ਸਕੂਲਾਂ-ਕਾਲਜਾਂ ਅਤੇ ਜ਼ਿਲ੍ਹਾ ਦਫ਼ਤਰਾਂ ਵਿਚ ਵੀ ਇਸ ਸਪਤਾਹ/ਮਾਹ ਦੌਰਾਨ ਕਿਸੇ ਇਕ ਦਿਨ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਰਾਲੇ ਵਜੋਂ ਸਮਾਗਮ ਉਲੀਕਣ ਲਈ ਸਰਕਾਰ ਵੱਲੋਂ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਦੀਆਂ ਸਾਹਿਤ ਸਭਾਵਾਂ ਵੱਲੋਂ ਵੀ ਆਪਣੇ ਆਪਣੇ ਜ਼ਿਲ੍ਹੇ ਵਿਚ ਕਈ ਸਮਾਗਮ ਕਰਵਾਏ ਜਾਂਦੇ ਹਨ।
ਸਪਤਾਹ/ਮਾਹ ਦੇ ਅੰਤ ਵਿਚ ਪੂਰੇ ਵਰ੍ਹੇ ਦੀ ਕਾਰਗੁਜ਼ਾਰੀ ਦੇ ਲੇਖੇ-ਜੋਖੇ ਨਾਲ ਵਿਦਾਇਗੀ ਸਮਾਗਮ ਦੇ ਰੂਪ ਵਿਚ ਇਹ ਲਹਿਰ ਸਾਲ ਦਰ ਸਾਲ ਚਲਦੀ ਰੱਖਣ ਲਈ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤੀ ਜਾਂਦੀ ਹੈ। ਸ਼੍ਰੋਮਣੀ ਪੁਰਸਕਾਰਾਂ ਸਬੰਧੀ ਫ਼ੈਸਲਾ ਹੋ ਜਾਣ ਤੇ ਸਬੰਧਤ ਸਾਹਿਤਕਾਰਾਂ-ਕਲਾਕਾਰਾਂ ਨੂੰ ਇਨ੍ਹਾਂ ਪੁਰਸਕਾਰਾਂ ਦੀ ਵੰਡ ਪੰਜਾਬੀ ਸਪਤਾਹ/ਮਾਹ ਦੌਰਾਨ ਕਰਵਾਏ ਜਾਂਦੇ ਉਦਘਾਟਨੀ ਸਮਾਗਮ ਦਾ ਇਕ ਮੁੱਖ ਆਕਰਸ਼ਣ ਹੁੰਦਾ ਹੈ ਜਿਸ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਦੇ ਵਿਦਵਾਨਾਂ ਤੋਂ ਇਲਾਵਾ ਹੋਰ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਜੁੜੇ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ।