ਪੰਜਾਬੀ ਰਸਾਲਾ
ਆਪਣੀ ਪ੍ਰਭਾਵਸ਼ਾਲੀ ਚਾਲ ਚਲਦਿਆਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਂਦੇ ਹੋਏ ਵਿਭਾਗ ਵੱਲੋਂ ਮਾਰਚ 1950 ਵਿੱਚ ਪੰਜਾਬੀ ਦੁਨੀਆ ਦਾ ਪਹਿਲਾ ਵਿਭਾਗੀ ਰਸਾਲਾ ਜਾਰੀ ਕੀਤਾ ਗਿਆ। ਇਸ ਰਸਾਲੇ ਨੂੰ ਕੱਢਣ ਦਾ ਮੁੱਖ ਮੰਤਵ:
ਇਸ ਵਿੱਚ ਲੇਖ, ਕਵਿਤਾ, ਛੋਟੀ ਕਹਾਣੀ, ਇਕਾਂਗੀ, ਖੇਤੀਬਾੜੀ, ਵਿਗਿਆਨ ਆਦਿ ਬਾਰੇ ਲਿਖਿਆ ਜਾਂਦਾ ਰਿਹਾ ਹੈ ਜਿਥੇ ਇਹ ਚੋਟੀ ਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਦੀ ਮੇਜ਼ ਦਾ ਸ਼ਿੰਗਾਰ ਹੋਇਆ, ਉਥੇ ਇਹ ਖੇਤਾਂ ਵਿੱਚ ਹਲ ਵਾਹੁੰਦੇ ਕਿਸਾਨਾਂ ਲਈ ਲਾਭ ਅਤੇ ਦਿਲਚਸਪੀ ਦਾ ਭੰਡਾਰ ਵੀ ਹੈ। ਪੰਜਾਬੀ ਦੁਨੀਆ ਦੇ ਨਾਲ ਨਾਲ ਜਨ ਸਾਹਿਤ ਰਸਾਲਾ ਵੀ ਛਪਵਾਉਣਾ ਸ਼ੁਰੂ ਕੀਤਾ ਗਿਆ। ਇਹ ਰਸਾਲੇ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਵਿਕਾਸ ਵਿੱਚ ਨਿਰੰਤਰ ਆਪਣਾ ਯੋਗਦਾਨ ਪਾ ਰਹੇ ਹਨ।
ਪੰਜਾਬੀ ਦੁਨੀਆ :
ਇਹ ਆਲੋਚਨਾ, ਖੋਜ ਅਤੇ ਦੂਸਰੀਆਂ ਭਾਸ਼ਾਵਾਂ ਨਾਲ ਤੁਲਨਾਤਮਕ ਅਧਿਐਨ ਦਾ ਪਰਚਾ ਹੈ। ਪੰਜਾਬੀ ਸਾਹਿਤ ਆਲੋਚਨਾ ਨੂੰ ਸੇਧ ਦੇਣ ਲਈ ਅੱਧੀ ਸਦੀ ਤੋਂ ਲਗਾਤਾਰ ਆਪਣਾ ਯੋਗਦਾਨ ਪਾ ਰਿਹਾ ਹੈ। ਪੰਜਾਬੀ ਆਲੋਚਨਾ ਦਾ ਮੁਹਾਂਦਰਾ ਬਣਾਉਣ ਤੇ ਨਵੇਂ ਪ੍ਰਤੀਮਾਨ ਕਾਇਮ ਕਰਨ ਵਿੱਚ ਇਸ ਰਸਾਲੇ ਦੀ ਮੋਹਰੀ ਭੂਮਿਕਾ ਹੈ। ਬਹੁਤ ਹੀ ਪ੍ਰਤਿਸ਼ਠਾਵਾਨ ਆਲੋਚਕਾਂ ਦੇ ਖੋਜ-ਪੱਤਰ ਇਸ ਵਿੱਚ ਛਪਦੇ ਰਹਿੰਦੇ ਹਨ। ਇਹ ਖੋਜਾਰਥੀਆਂ ਦੇ ਮਾਰਗ-ਦਰਸ਼ਕ ਵਜੋਂ ਵੀ ਜਾਣਿਆ ਜਾਂਦਾ ਹੈ। ਪੰਜਾਬੀ ਦੁਨੀਆ ਦੇ ਹੁਣ ਤਕ ਅਨੇਕਾਂ ਹੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤੇ ਜਾ ਚੁਕੇ ਹਨ ਅਤੇ ਨਿਰੰਤਰ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਸ ਰਸਾਲੇ ਦੇ ਵਿਸ਼ੇਸ਼ ਅੰਕ ਸਾਹਿਤ ਦੇ ਖੇਤਰ ਵਿੱਚ ਮੀਲ ਪੱਥਰ ਕਹੇ ਜਾ ਸਕਦੇ ਹਨ।
ਜਨ ਸਾਹਿਤ :
ਇਹ ਸਿਰਜਣਾਤਮਕ ਪੰਜਾਬੀ ਸਾਹਿਤ ਦਾ ਵਿਸ਼ੇਸ਼ ਪਰਚਾ ਹੈ। ਇਸ ਵਿੱਚ ਪ੍ਰੌੜ੍ਹ ਅਤੇ ਨਵੇਂ ਪੁੰਗਰ ਰਹੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਨਵੀਨ ਸੰਪਾਦਕੀ ਸੂਝ ਅਨੁਸਾਰ ਛਾਪਿਆ ਜਾਂਦਾ ਹੈ। ਇਸ ਪਰਚੇ ਰਾਹੀਂ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣਾ ਕਲਮੀ ਸਫ਼ਰ ਆਰੰਭ ਕਰਕੇ ਸਾਹਿਤ ਦੇ ਅੰਬਰ ਵਿੱਚ ਉਡਾਰੀਆਂ ਲਾਈਆਂ ਹਨ। ਬਹੁਤ ਸਾਰੇ ਅਣਗੌਲੇ ਸਾਹਿਤਕਾਰਾਂ ਅਤੇ ਛੁਪੇ ਹੋਏ ਸਾਹਿਤ ਨੂੰ ਪਹਿਲੀ ਵਾਰ ਪੰਜਾਬੀ ਪਾਠਕਾਂ ਦੀ ਨਜ਼ਰ ਕਰਨ ਦਾ ਸਿਹਰਾ ਵੀ ਇਸ ਰਸਾਲੇ ਦੇ ਸਿਰ ਬੱਝਦਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਅਤੇ ਸਾਹਿਤ ਸਭਾਵਾਂ ਦੇ ਸਮਾਗਮਾਂ ਦੀ ਸੂਚਨਾ ਵੀ ਬਹੁਤ ਸੁਹਜਮਈ ਢੰਗ ਨਾਲ ਵਿਭਾਗੀ ਸਰਗਰਮੀਆਂ ਅਤੇ ਸਾਹਿਤ ਸੁਗੰਧੀਆਂ ਕਾਲਮ ਵਿੱਚ ਪੰਜਾਬੀ ਪਾਠਕਾਂ ਦੀ ਨਜ਼ਰ ਭੇਂਟ ਕਰਦਾ ਹੈ। ਰਸਾਲੇ ਵਿੱਚ ਪਾਠਕਾਂ ਦੇ ਸੁਝਾਅ ਅਤੇ ਉਨ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਨੂੰ ਵੀ ਜਨ ਆਵਾਜ਼ ਦੇ ਨਾਂ ਹੇਠ ਛਾਪਿਆ ਜਾਂਦਾ ਹੈ। ਜਨ ਸਾਹਿਤ ਰਸਾਲੇ ਦੇ ਵੀ ਹੁਣ ਤਕ ਕਈ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਕਹਾਣੀ, ਨਾਟਕ, ਕਵਿਤਾ ਆਦਿ ਵਿਸ਼ੇਸ਼ ਅੰਕ ਸ਼ਾਮਲ ਹਨ।
ਵਿਭਾਗ ਦੇ ਇਹ ਦੋਵੇਂ ਰਸਾਲੇ ਮੁੱਢ ਤੋਂ ਹੀ ਸਾਹਿਤ ਦੀ ਸੇਵਾ ਕਰ ਰਹੇ ਹਨ ਅਤੇ ਬਹੁਤ ਥੋੜ੍ਹੀ ਜਿਹੀ ਕੀਮਤ ਨਾਲ ਇਹ ਖੋਜਾਰਥੀਆਂ, ਪਾਠਕਾਂ ਤੇ ਆਮ ਲੇਖਕਾਂ ਦੀ ਸਾਹਿਤਕ ਭੁੱਖ ਦੀ ਪੂਰਤੀ ਕਰ ਰਹੇ ਹਨ। ਇਨ੍ਹਾਂ ਦੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਥਾਂ ਹੈ।
ਪੰਜਾਬੀ ਦੁਨੀਆ ਅਤੇ ਜਨ ਸਾਹਿਤ ਦਾ ਲਗਭਗ ਹਰ ਅੰਕ 64 ਜਾਂ 80 ਪੰਨਿਆਂ ਤਕ ਦਾ ਹੁੰਦਾ ਹੈ। ਹਰ ਮਹੀਨੇ ਇਕ ਅੰਕ ਕੱਢਿਆ ਜਾਂਦਾ ਹੈ ਅਤੇ ਜੇ ਵਿਸ਼ੇਸ਼ ਅੰਕ ਹੋਵੇ ਤਾਂ ਪੰਨਿਆਂ ਦੇ ਹਿਸਾਬ ਨਾਲ ਦੋ, ਤਿੰਨ ਜਾਂ ਚਾਰ ਮਹੀਨਿਆਂ ਦਾ ਸਾਂਝਾ ਅੰਕ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਸਾਲ ਦੇ ਕੁੱਲ 12 ਅੰਕ ਕੱਢੇ ਜਾਂਦੇ ਹਨ। ਇਨ੍ਹਾਂ ਰਸਾਲਿਆਂ ਦਾ ਸਾਲਾਨਾ ਚੰਦਾ ਕੇਵੱਲ 36/-, 36/- ਰੁਪਏ ਹੈ ਅਤੇ ਇਕ ਰਸਾਲੇ ਦੀ ਕੀਮਤ 3/-ਰੁਪਏ ਹੈ।
ਉਰਦੂ ਰਸਾਲਾ
ਪਰਵਾਜ਼-ਏ-ਅਦਬ :
ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਉਰਦੂ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਉਲੀਕੀਆਂ ਗਈਆਂ ਯੋਜਨਾਵਾਂ ਅਧੀਨ ਇਕ ਉਰਦੂ ਰਸਾਲਾ ਉਪਰਵਾਜ਼-ਏ-ਅਦਬએ ਉਰਦੂ ਵਿਕਾਸ ਸਕੀਮ ਅਧੀਨ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਰਸਾਲਾ ਵਿਭਾਗ ਵੱਲੋਂ ਮਾਰਚ, 1979 ਵਿੱਚ ਸ਼ੁਰੂ ਕੀਤਾ ਗਿਆ। ਇਸ ਦਾ ਮਕਸਦ ਪੰਜਾਬ ਦੇ ਉਰਦੂ ਅਦਬ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਉਣਾ ਹੈ। ਇਸ ਵਿੱਚ ਜਿੱਥੇ ਉਰਦੂ ਦੇ ਮੰਨੇ ਪ੍ਰਮੰਨੇ ਪ੍ਰੋਢ ਉਰਦੂ ਲੇਖਕਾਂ ਦੀਆਂ ਮੌਲਿਕ, ਆਲੋਚਨਾਤਮਕ ਅਤੇ ਅਨੁਵਾਦਿਤ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਉਥੇ ਪੰਜਾਬ ਦੇ ਪੁੰਗਰ ਰਹੇ ਉਰਦੂ ਸਾਹਿਤਕਾਰਾਂ ਦੀਆਂ ਵਾਰਤਕ ਅਤੇ ਕਾਵਿਕ ਰਚਨਾਵਾਂ ਵੀ ਪ੍ਰਕਾਸ਼ਿਤ ਹੁੰਦੀਆਂ ਹਨ। ਇਸ ਰਸਾਲੇ ਵਿੱਚ ਉਰਦੂ ਸਾਹਿਤ ਦੀਆਂ ਲੱਗਭਗ ਸਾਰੀਆਂ ਵੰਨਗੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਗ਼ਜ਼ਲਾਂ, ਨਜ਼ਮਾਂ, ਦੋਹੇ, ਮਾਹੀਏ, ਰੁਬਾਈਆਂ, ਕਤਏ, ਕਹਾਣੀਆਂ, ਡਰਾਮੇ ਅਤੇ ਮਜ਼ਾਮੀਨ ਆਦਿ ਹਨ, ਨੂੰ ਵਿਸ਼ੇਸ਼ ਮਹੱਤਵ ਦੇ ਕੇ ਛਾਪਿਆ ਜਾਂਦਾ ਹੈ। ਇਸ ਰਸਾਲੇ ਦਾ ਉਰਦੂ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਅਤੇ ਵਿੱਲੱਖਣ ਸਥਾਨ ਹੈ ਜਿਸ ਨੂੰ ਪੂਰੇ ਉਰਦੂ ਸਾਹਿਤ ਜਗਤ ਵੱਲੋਂ ਕਦਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਨਵੀਂ ਨਸਲ ਨੂੰ ਆਪਣੇ ਸ਼ਾਨਦਾਰ ਵਿਰਸੇ ਅਤੇ ਇਲਮੋ ਅਦਬ ਅਤੇ ਤਹਿਜ਼ੀਬ ਦੇ ਬੇਸ਼ਕੀਮਤੀ ਸਰਮਾਏ ਨਾਲ ਜੋੜੀ ਰੱਖਣ ਲਈ ਵੀ ਇਹ ਰਸਾਲਾ ਆਪਣਾ ਰੋਲ ਬਾਖ਼ੂਬੀ ਨਿਭਾ ਰਿਹਾ ਹੈ। ਇਸ ਰਸਾਲੇ ਦੇ ਉਰਦੂ ਅਦਬ ਦੀਆਂ ਵੱਖ-ਵੱਖ ਸ਼ਖ਼ਸੀਅਤਾਂ, ਸਾਹਿਤ ਦੀਆਂ ਵਿਭਿੰਨ ਵੰਨਗੀਆਂ ਕੌਮੀ ਆਗੂਆਂ ਅਤੇ ਸਿੱਖ ਧਰਮ ਨਾਲ ਸਬੰਧਤ ਸ਼ਤਾਬਦੀਆਂ ਬਾਰੇ 30 ਤੋਂ ਵੱਧ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਇਸ ਰਸਾਲੇ ਨੇ ਮਾਰਚ, 2004 ਵਿੱਚ ਆਪਣੀ ਪ੍ਰਕਾਸ਼ਨ ਦੇ 25 ਵਰ੍ਹੇ ਪੂਰੇ ਕਰਕੇ ਸਿਲਵਰ ਜੁਬਲੀ ਮਨਾਈ ਹੈ ਜਿਸ ਦਾ ਉਰਦੂ ਸਾਹਿਤ ਪ੍ਰੇਮੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਸੀ। ਇਸ ਰਸਾਲੇ ਦਾ ਸਾਲਾਨਾ ਚੰਦਾ ਕੇਵੱਲ 36/-ਰੁਪਏ ਹੈ ਅਤੇ ਇਕ ਰਸਾਲੇ ਦੀ ਕੀਮਤ 3/-ਰੁਪਏ ਹੈ।
ਪੰਜਾਬ ਸੌਰਭ
ਹਿੰਦੀ ਰਸਾਲਾ :
ਭਾਸ਼ਾ ਵਿਭਾਗ ਦੁਆਰਾ ਪ੍ਰਕਾਸ਼ਿਤ ਰਸਾਲਾ 'ਪੰਜਾਬ ਸੌਰਭ' ਪੰਜਾਬ ਪ੍ਰਦੇਸ਼ ਦੀ ਇਕੋ ਇਕ ਅਜਿਹੀ ਪਤ੍ਰਿਕਾ ਹੈ ਜਿਸ ਦੇ ਪ੍ਰਕਾਸ਼ਨ ਦਾ ਮੂਲ ਮੰਤਵ ਪੰਜਾਬ ਦੇ ਸਾਹਿਤ ਨੂੰ ਵਿਕਸਿਤ ਹੋਣ ਦਾ ਸ਼ੁਭ-ਅਵਸਰ ਪ੍ਰਦਾਨ ਕਰਨਾ ਹੈ। ਇਸ ਰਸਾਲੇ ਵਿੱਚ ਜਿਥੇ ਉੱਘੇ ਹਿੰਦੀ ਲੇਖਕਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਉਥੇ ਨਵੇਂ ਪੁੰਗਰ ਰਹੇ ਲੇਖਕਾਂ ਨੂੰ ਵੀ ਬਰਾਬਰ ਦਾ ਉਤਸ਼ਾਹ ਦਿੱਤਾ ਜਾਂਦਾ ਹੈ। ਪਤ੍ਰਿਕਾਵਾਂ ਆਪਣੀ ਭਾਸ਼ਾ ਤੇ ਸਾਹਿਤ ਦੀ ਤਰੱਕੀ ਵਿੱਚ ਮਹੱਤਵਪੂਰਣ ਭੂਮਿਕਾ ਤਾਂ ਨਿਭਾਉਂਦੀਆਂ ਹੀ ਹਨ ਸਗੋਂ ਇਸ ਵਿੱਚ ਪੰਜਾਬ ਦੇ ਪ੍ਰਾਚੀਨ ਅਪ੍ਰਕਾਸ਼ਿਤ ਹਿੰਦੀ ਸਾਹਿਤ ਨਾਲ ਸਬੰਧਤ ਸਮੱਗਰੀ ਵੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜੋ ਕਿ ਹਿੰਦੀ ਅਤੇ ਪੰਜਾਬੀ ਸਾਹਿਤ ਦੇ ਪਰਸਪਰ ਅਦਾਨ-ਪ੍ਰਦਾਨ ਨੂੰ ਵੀ ਉਤਸਾਹਿਤ ਕਰਦੀ ਹੈ। ਇਸ ਨਾਲ ਨਾ ਕੇਵਲ ਇਨ੍ਹਾਂ ਦੋਵਾਂ ਭਾਸ਼ਾਵਾਂ ਦਾ ਸਾਹਿਤ ਹੀ ਅਮੀਰ ਹੁੰਦਾ ਹੈ ਬਲਕਿ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਵੀ ਉਤਸ਼ਾਹ ਮਿਲਦਾ ਹੈ।
ਵਿਭਾਗ ਵੱਲੋਂ ਸਮੇਂ ਸਮੇਂ ਪੰਜਾਬ ਸੌਰਭ ਦੇ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਤਾਂ ਜੋ ਖੋਜ ਵਿਦਿਆਰਥੀ/ ਪਾਠਕ/ਵਿਦਵਾਨ ਇਨ੍ਹਾਂ ਤੋਂ ਲਾਭ ਪ੍ਰਾਪਤ ਕਰ ਸਕਣ। ਵਿਭਾਗ ਵੱਲੋਂ ਹੁਣ ਤਕ ਲਗਭਗ ਦੋ ਦਰਜਨ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਇਸ ਪਤ੍ਰਿਕਾ ਦਾ ਸਾਲਾਨਾ ਚੰਦਾ ਕੇਵਲ 36/-ਰੁਪਏ ਹੈ ਅਤੇ ਇਕ ਰਸਾਲੇ ਦੀ ਕੀਮਤ 3/-ਰੁਪਏ ਹੈ।