ਸਾਹਿਤਕਾਰ ਦੇਸ਼ ਦਾ ਬੜਾ ਕੀਮਤੀ ਸਰਮਾਇਆ ਹੁੰਦੇ ਹਨ ਜੋ ਆਪਣੀਆਂ ਲਿਖਤਾਂ ਰਾਹੀਂ ਯੁੱਗ ਪਲਟਾਉਣ ਦੀ ਸਮਰੱਥਾ ਰਖਦੇ ਹਨ। ਅਜਿਹਾ ਮਾਹੌਲ ਉਹ ਗ੍ਰਹਿਸਤ ਜੀਵਨ ਬਤੀਤ ਕਰਦਿਆਂ ਪ੍ਰਾਪਤ ਨਹੀਂ ਕਰ ਸਕਦੇ ਕਿਉਂਜੋ ਇਨ੍ਹਾਂ ਸਾਹਿਤਕਾਰਾਂ ਨੂੰ ਆਪਣੀਆਂ ਲਿਖਤਾਂ ਨੂੰ ਅਮਲੀ ਜਾਮ੍ਹਾ ਪਹਿਨਾਉਣ ਲਈ ਬੜੇ ਹੀ ਖ਼ੁਸ਼ਗਵਾਰ ਅਤੇ ਸ਼ਾਂਤ ਮਾਹੌਲ ਦੀ ਲੋੜ ਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਰਾਹੀਂ ਲੇਖਕਾਂ-ਸਾਹਿਤਕਾਰਾਂ ਦੀ ਬਿਹਤਰੀ ਲਈ ਪਹਿਲਾਂ ਹੀ ਕਈ ਉਸਾਰੂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਲਈ ਵਿਭਾਗ ਵਿਚ ਵੱਖ-ਵੱਖ ਭਾਗ ਸਥਾਪਤ ਕੀਤੇ ਹੋਏ ਹਨ। ਇਸੇ ਤਰ੍ਹਾਂ ਸਾਲ 1992 ਵਿਚ ਪੰਜਾਬ ਸਰਕਾਰ ਵੱਲੋਂ ਭਾਸ਼ਾ ਭਵਨ ਕੰਪਲੈਕਸ ਵਿਚ ਲੇਖਕਾਂ-ਸਾਹਿਤਕਾਰਾਂ ਦੇ ਠਹਿਰਨ ਲਈ ਸਾਹਿਤ ਸਦਨ (ਲੇਖਕ ਘਰ) ਦੀ ਉਸਾਰੀ ਕਰਵਾ ਕੇ ਉਨ੍ਹਾਂ ਨੂੰ ਸਮਰਪਿਤ ਕੀਤਾ ਗਿਆ ਸੀ। ਲੇਖਕਾਂ ਦੇ ਇਸ ਆਸ਼ਿਆਨੇ ਵਿਚ ਤਿੰਨ ਤਾਰਾ ਹੋਟਲ ਦੀਆਂ ਸਾਰੀਆਂ ਸੁਵਿਧਾਵਾਂ ਸਰਕਾਰ ਵੱਲੋਂ ਉਪਲਬੱਧ ਕਰਵਾ ਕੇ ਦਿੱਤੀਆਂ ਗਈਆਂ ਹਨ। ਲੇਖਕਾਂ ਦਾ ਇਹ ਆਸ਼ਿਆਨਾ ਪਟਿਆਲਾ ਸ਼ਹਿਰ ਜਿਸ ਨੂੰ ਬੜਾ ਹੀ ਸ਼ਾਂਤ, ਖ਼ੁਸ਼ਗਵਾਰ ਅਤੇ ਬਾਗ਼ਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਦੇ ਬਿਲਕੁਲ ਵਿਚਕਾਰ ਸ਼ੇਰਾਂਵਾਲਾ ਗੇਟ, ਪਟਿਆਲਾ ਵਿਖੇ ਵਿਭਾਗ ਦੇ ਭਾਸ਼ਾ ਭਵਨ ਕੰਪਲੈਕਸ ਨਾਲ ਜੁੜਿਆ ਹੋਇਆ ਹੈ। ਇਥੇ ਰਹਿ ਕੇ ਆਪਣੀਆਂ ਲਿਖਤਾਂ ਨੂੰ ਸਰਅੰਜਾਮ ਦੇਣ ਵਾਲੇ ਲੇਖਕ ਦਫ਼ਤਰੀ ਸਮੇਂ ਦੌਰਾਨ ਵਿਭਾਗ ਨਾਲ ਸਬੰਧਤ ਆਪਣੇ ਕਾਰਜ ਕਰਵਾਉਂਦੇ ਹਨ ਅਤੇ ਸ਼ਾਮ ਵੇਲੇ ਬੜੇ ਹੀ ਸ਼ਾਂਤ ਵਾਤਾਵਰਣ ਵਿਚ ਆਪਣੀ ਕਲਮ ਦੀ ਅਜ਼ਮਾਇਸ਼ ਦੇ ਨਾਲ ਨਾਲ ਖ਼ੂਬਸੂਰਤ ਸ਼ਹਿਰ ਦੀ ਰੌਣਕ ਦਾ ਆਨੰਦ ਵੀ ਮਾਣਦੇ ਹਨ। ਇਸ ਸਾਹਿਤ ਸਦਨ ਵਿਚ 9 ਕਮਰੇ ਡਬਲ ਬੈੱਡ ਵਾਲੇ ਅਤੇ 6-6 ਬੈੱਡਾਂ ਵਾਲੀਆਂ ਦੋ ਡਾਰਮਿਟਰੀਆਂ ਬਣੀਆਂ ਹੋਈਆਂ ਹਨ । ਇਕੋ ਸਮੇਂ 30 ਲੇਖਕ ਇਕੱਠੇ ਹੀ ਇਸ ਆਸ਼ਿਆਨੇ ਵਿਚ ਠਹਿਰ ਸਕਦੇ ਹਨ। ਇਸ ਲੇਖਕ ਘਰ ਦੀ ਬਣਤਰ ਖੁਸ਼ਗਵਾਰ ਤੇ ਸ਼ਾਂਤ ਮਹੌਲ ਵਿਚ ਕੀਤੀ ਗਈ ਹੈ ਜਿਥੇ ਬੈਠ ਕੇ ਉਹ ਆਪਣੀਆਂ ਲਿਖਤਾਂ ਨੂੰ ਅੰਤਿਮ ਛੋਹਾਂ ਦੇ ਸਕਦੇ ਹਨ। ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਵੱਖ ਵੱਖ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਵਿਭਾਗ ਦੇ ਸੱਦੇ ਤੇ ਆਏ ਲੇਖਕਾਂ ਅਤੇ ਹੋਰ ਸਾਹਿਤ ਪ੍ਰੇਮੀਆਂ ਨੂੰ ਇਸ ਸਦਨ ਵਿਚ ਠਹਿਰਨ ਲਈ ਮੁਫ਼ਤ ਰਿਹਾਇਸ਼ ਦਿੱਤੀ ਜਾਂਦੀ ਹੈ। ਪਰੰਤੂ ਆਮ ਤੌਰ ਤੇ ਇਥੇ ਠਹਿਰਨ ਵਾਲੇ ਲੇਖਕਾਂ ਪਾਸੋਂ ਨਾਂ ਮਾਤਰ ਰਕਮ ਵਜੋਂ 50 ਰੁਪਏ ਪ੍ਰਤਿ ਡਬਲ ਬੈੱਡ ਰੂਮ ਅਤੇ ਡਾਰਮਿਟਰੀ ਵਿਚ 30 ਰੁਪਏ ਪ੍ਰਤਿ ਬੈੱਡ ਵਜੋਂ ਵਸੂਲ ਕੀਤੇ ਜਾਂਦੇ ਹਨ।
ਲੈਕਚਰ ਹਾਲ :
ਪੰਜਾਬ ਸਰਕਾਰ ਵੱਲੋਂ ਮਾਤ-ਭਾਸ਼ਾ ਪੰਜਾਬੀ ਦੇ ਵਿਕਾਸ ਲਈ ਜਿਥੇ ਲੇਖਕਾਂ-ਸਾਹਿਤਕਾਰਾਂ ਦੇ ਸਨਮਾਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਉਥੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿਕਾਸ ਲਈ ਕਾਰਜਸ਼ੀਲ ਸਾਹਿਤ ਸਭਾਵਾਂ-ਸੰਸਥਾਵਾਂ ਨੂੰ ਆਪਣੇ ਸਮਾਗਮ ਕਰਵਾਉਣ ਲਈ ਲੈਕਚਰ ਹਾਲ ਦੀ ਸੁਵਿਧਾ ਵੀ ਮੁਹੱਈਆ ਕੀਤੀ ਹੋਈ ਹੈ। ਆਧੁਨਿਕ ਸਹੂਲਤਾਂ ਨਾਲ ਲਬਰੇਜ਼ ਇਹ ਖ਼ੂਬਸੂਰਤ ਲੈਕਚਰ ਹਾਲ ਵਿਭਾਗ ਦੇ ਭਾਸ਼ਾ ਭਵਨ ਕੰਪਲੈਕਸ ਵਿਚ ਹੀ ਉਸਾਰਿਆ ਹੋਇਆ ਹੈ ਜਿਸ ਵਿਚ ਲਗਭਗ 125 ਵਿਅਕਤੀਆਂ ਦੇ ਬੈਠਣ ਲਈ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਪੂਰੇ ਲੈਕਚਰ ਹਾਲ ਨੂੰ ਵਧੀਆ ਫ਼ਰਨਿਸ਼ ਕਰਨ ਦੇ ਨਾਲ ਨਾਲ ਇਕ ਛੋਟੀ ਜਿਹੀ ਸਟੇਜ ਵੀ ਬਣਾਈ ਗਈ ਹੈ ਜਿਸ ਉਤੇ ਪ੍ਰਧਾਨਗੀ ਮੰਡਲ ਬਿਰਾਜਮਾਨ ਹੁੰਦਾ ਹੈ। ਇਸ ਵਿਚ ਵਿਭਾਗੀ ਸਮਾਗਮਾਂ ਤੋਂ ਇਲਾਵਾ ਸਾਹਿਤ ਸਭਾਵਾਂ ਤੇ ਹੋਰ ਸਾਹਿਤਕ ਅਦਾਰੇ ਵੀ ਨਾਂ-ਮਾਤਰ ਫ਼ੀਸ ਦੇ ਕੇ ਆਪਣੇ ਸਮਾਗਮ ਕਰਵਾ ਸਕਦੇ ਹਨ।