ਸੰਦੇਸ਼

ਮੇਰੇ ਲਈ ਇਹ ਬੜੀ ਖ਼ੁਸ਼ੀ ਅਤੇ ਫ਼ਖ਼ਰ ਦੀ ਗੱਲ ਹੈ ਕਿ ਭਾਸ਼ਾ ਵਿਭਾਗ, ਪੰਜਾਬ ਵਤਨੋਂ ਦੂਰ ਬੈਠੇ ਪੰਜਾਬੀਆਂ ਅਤੇ ਪੰਜਾਬੀ ਭਾਸ਼ਾ ਨਾਲ ਮੋਹ ਰੱਖਣ ਵਾਲਿਆਂ ਨੂੰ ਆਪਣੇ ਗੌਰਵਮਈ ਕਾਰਜਾਂ ਅਤੇ ਸਾਹਿਤਕ ਸਰਗਰਮੀਆਂ ਸਬੰਧੀ ਜਾਣੂ ਕਰਵਾਉਣ ਲਈ ਆਪਣੀ ਵੈੱਬਸਾਈਟ ਸ਼ੁਰੂ ਕਰ ਰਿਹਾ ਹੈ।
ਪੰਜਾਬ ਸਰਕਾਰ ਦਾ ਅਦਾਰਾ ਭਾਸ਼ਾ ਵਿਭਾਗ, ਵੱਖ ਵੱਖ ਭਾਸ਼ਾਵਾਂ ਵਿਸ਼ੇਸ਼ ਕਰਕੇ ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਨਾਲ ਰਾਸ਼ਟਰ ਭਾਸ਼ਾ ਹਿੰਦੀ, ਸਮੂਹ ਭਾਰਤੀ ਭਾਸ਼ਾਵਾਂ ਦੀ ਜਨਨੀ ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੀ ਤਰੱਕੀ ਲਈ ਵੀ ਬਰਾਬਰ ਰੂਪ ਵਿਚ ਸਰਗਰਮ ਤੇ ਯਤਨਸ਼ੀਲ ਹੈ। ਇਨ੍ਹਾਂ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਰਪਣ ਦੀ ਭਾਵਨਾ ਨਾਲ ਜੁਟਿਆ ਭਾਸ਼ਾ ਵਿਭਾਗ, ਪੰਜਾਬ ਆਪਣੇ ਨੈਤਿਕ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾ ਰਿਹਾ ਹੈ। ਸਾਰੀਆਂ ਭਾਸ਼ਾਵਾਂ ਨੂੰ ਮਾਣ ਦੇਣ ਦਾ ਮਕਸਦ ਭਾਰਤ ਦੀ ਭਾਸ਼ਾਈ ਅਮੀਰੀ ਦੇ ਗੌਰਵ ਨੂੰ ਉਜਾਗਰ ਕਰਨਾ ਹੈ। ਪੰਜਾਬੀਆਂ ਨੂੰ ਇਹ ਭਾਵਨਾ ਆਪਣੇ ਅਮੀਰ ਵਿਰਸੇ ਵਿਚੋਂ ਪ੍ਰਾਪਤ ਹੋਈ ਹੈ। ਇਸ ਸਾਂਝੇ ਵਿਰਸੇ ਨੂੰ ਸੰਭਾਲਣ ਅਤੇ ਪ੍ਰਫੁਲਿਤ ਕਰਨ ਹਿਤ ਵਿਭਾਗ ਨਿਰੰਤਰ ਕਾਰਜਸ਼ੀਲ ਹੈ। ਵਿਭਾਗ ਵੱਲੋਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਕਈ ਪੁਸਤਕਾਂ ਤਿਆਰ ਕਰਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਅਰਪਿਤ ਕੀਤੀਆਂ ਜਾ ਚੁੱਕੀਆਂ ਹਨ। ਵਿਭਾਗ ਵੱਲੋਂ ਤਿਆਰ ਕੀਤੇ ਕਈ ਮਹੱਤਵਪੂਰਨ ਪ੍ਰਕਾਸ਼ਨ ਪਾਠਕਾਂ ਲਈ ਵਡਮੁੱਲਾ ਖ਼ਜ਼ਾਨਾ ਸਾਂਭੀ ਬੈਠੇ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਵਿਭਾਗ ਦੀ ਸਾਖ ਨੂੰ ਵਧਾਇਆ ਹੈ। ਵਿਭਾਗ ਵੱਲੋਂ ਤਿੰਨੇ ਭਾਸ਼ਾਵਾਂ - ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਪ੍ਰਕਾਸ਼ਿਤ ਹੁੰਦੇ ਰਸਾਲੇ ਪਾਠਕਾਂ ਨੂੰ ਪੰਜਾਬੀ ਭਾਸ਼ਾ ਦੀਆਂ ਨਵੀਨਤਮ ਪ੍ਰਵਿਰਤੀਆਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਿਖਾਂਦਰੂਆਂ ਦੀ ਅਗਵਾਈ ਕਰਨ ਦੇ ਵੀ ਸਮਰੱਥ ਹਨ। ਪੁੰਗਰਦੇ ਸਾਹਿਤਕਾਰਾਂ ਨੂੰ ਲੇਖਣ ਕਾਰਜ ਵਿਚ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਮਾਣਯੋਗ ਹਸਤੀਆਂ ਨੂੰ ਸਨਮਾਨਣ ਅਤੇ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਕਈ ਯੋਜਨਾਵਾਂ ਤੇ ਅਮਲ ਕੀਤਾ ਜਾ ਰਿਹਾ ਹੈ। ਰਾਜ ਭਾਸ਼ਾ ਐਕਟ 1967 ਅਤੇ ਉਸਦੇ ਤਰਮੀਮ ਐਕਟ 2008 ਦੀ ਅਨੁਸਾਰਤਾ ਵਿਚ ਪੰਜਾਬੀ ਨੂੰ ਮੁੱਢਲੇ ਪੱਧਰ ਤੇ ਲਾਗੂ ਕਰਨ ਲਈ ਵਿਭਾਗ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਅਮਲ ਕਰ ਰਿਹਾ ਹੈ ਜਿਸ ਲਈ ਵਿਭਾਗ ਵਧਾਈ ਦਾ ਪਾਤਰ ਹੈ।
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਦੇ ਨਾਲ ਨਾਲ ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ ਵਿਕਾਸ ਹਿਤ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਵਿਸ਼ਵ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਵਿਭਾਗ ਵੱਲੋਂ ਆਪਣੀ ਵੈਬਸਾਈਟ ਤੇ ਵਿਭਾਗੀ ਜਾਣਕਾਰੀ ਨੂੰ ਹੋਰ ਵਧੀਆ ਢੰਗ ਨਾਲ ਮਿਤੀ ਅੰਤ ਤੀਕ ਸ਼ਾਮਲ ਕੀਤਾ ਜਾਣਾ ਇਕ ਸ਼ੁਭ ਸ਼ਗਨ ਹੈ। ਮੈਨੂੰ ਆਸ ਹੈ ਕਿ ਦੂਰ ਦੁਰਾਡੇ ਵਸਦੇ ਪੰਜਾਬੀ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਤੋਂ ਲਾਭ ਉਠਾ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਗੇ।

ਰੋਸ਼ਨ ਸੁੰਕਾਰੀਆ (ਡਾ.),
ਆਈ.ਏ.ਐੱਸ.
ਸਕੱਤਰ, ਪੰਜਾਬ ਸਰਕਾਰ,
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ

© ਸਭ ਅਧਿਕਾਰ ਰਾਖਵੇਂ ਹਨ।