ਹਰ ਜ਼ਿਲ੍ਹਾ ਸਦਰ ਮੁਕਾਮ ਤੇ ਭਾਸ਼ਾ ਵਿਭਾਗ, ਪੰਜਾਬ ਦਾ ਇਕ ਦਫਤਰ ਖੋਲ੍ਹਿਆ ਗਿਆ ਹੈ ਜੋ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰਾਂ ਵੱਲੋਂ ਕੀਤੇ ਜਾਂਦੇ ਕਾਰਜਾਂ ਦਾ ਵੇਰਵਾ :
1. ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਪੰਜਾਬੀ ਪ੍ਰਚਾਲਣ ਦੀ ਚੈਕਿੰਗ ਕਰਨਾ;
2. ਪੰਜਾਬੀ ਟਾਈਪ/ਸ਼ਾਰਟਹੈਂਡ ਦੀ ਮੁੱਢਲੀ ਸਿਖਲਾਈ, ਪੰਜਾਬੀ ਸੰਕੇਤ ਲਿਪੀ ਅਤੇ ਪੰਜਾਬੀ ਸ਼ਾਰਟਹੈਂਡ ਹਾਈ ਸਪੀਡ ਦੀ ਮੁਫ਼ਤ ਸਿਖਲਾਈ ਦੇਣਾ;
3. ਅਧਿਐਨ ਤੇ ਅਧਿਆਪਨ (ਇਨਸਟ੍ਰਕਟਰ ਟ੍ਰੇਨਿੰਗ) ਕੋਰਸ ਦੀ ਮੁਫ਼ਤ ਸਿਖਲਾਈ ਦੇਣਾ;
4. ਉਰਦੂ ਅਮੋਜ਼ ਕਲਾਸ ਰਾਹੀਂ ਉਰਦੂ ਦੀ ਮੁਫ਼ਤ ਸਿਖਲਾਈ ਦੇਣਾ;
5. ਜ਼ਿਲ੍ਹੇ ਦੇ ਇਤਿਹਾਸਕ, ਧਾਰਮਿਕ ਤੇ ਸਭਿਆਚਾਰਕ ਪਿੰਡਾਂ ਦਾ ਸਰਵੇ ਕਰਨਾ;
6. ਵਿਭਾਗੀ ਪੁਸਤਕਾਂ ਅਤੇ ਰਸਾਲਿਆਂ ਦੀ ਵਿਕਰੀ ਕਰਨਾ ਅਤੇ ਪੁਸਤਕ ਪ੍ਰਦਰਸ਼ਨੀਆਂ ਲਗਾਉਣਾ;
7. ਸਾਹਿਤਕਾਰਾਂ/ਸਾਹਿਤ ਸਭਾਵਾਂ ਨਾਲ ਤਾਲਮੇਲ ਰੱਖਣਾ;
8. ਜ਼ਿਲ੍ਹੇ ਵਿੱਚ ਪ੍ਰਸਿੱਧ ਲੇਖਕਾਂ ਨਾਲ ਰੂ-ਬ-ਰੂ ਅਤੇ ਸਾਹਿਤਕ ਸਮਾਗਮ ਕਰਨਾ;
9. ਵਿਭਾਗੀ ਰਸਾਲਿਆਂ ਦੇ ਪ੍ਰਸਾਰ ਲਈ ਏਜੰਸੀਆਂ ਅਤੇ ਨਵੇਂ ਗਾਹਕ ਤਿਆਰ ਕਰਨਾ;
10. ਨਾਟਕ ਮੇਲੇ/ਸਾਹਿਤਕ ਗੋਸ਼ਟੀਆਂ ਕਰਵਾਉਣੀਆਂ;
11. ਕੁਇਜ਼, ਕਵਿਤਾ ਗਾਇਨ, ਸਾਹਿਤ ਸਿਰਜਣ ਆਦਿ ਮੁਕਾਬਲੇ ਕਰਵਾਉਣੇ।
ਪੰਜਾਬੀ/ਹਿੰਦੀ ਸੈੱਲ, ਚੰਡੀਗੜ੍ਹ:
ਪੰਜਾਬ ਦੀ ਰਾਜਧਾਨੀ ਹੋਣ ਕਰਕੇ ਚੰਡੀਗੜ੍ਹ ਵਿੱਖੇ ਪੰਜਾਬੀ/ਹਿੰਦੀ ਸੈੱਲ ਦੀ ਸਥਾਪਨਾ ਕੀਤੀ ਗਈ ਸੀ। ਇਹ ਦਫ਼ਤਰ ਜ਼ਿਲ੍ਹਾ ਪੱਧਰ ਦੇ ਦਫ਼ਤਰ ਤੋਂ ਜ਼ਰਾ ਨਿਵੇਕਲੀ ਕਿਸਮ ਦਾ ਹੈ। ਇਸ ਦਫ਼ਤਰ ਵੱਲੋਂ ਜ਼ਿਲ੍ਹਾ ਪੱਧਰ ਤੇ ਕੀਤੇ ਜਾਂਦੇ ਦੂਜੇ ਕਾਰਜਾਂ ਤੋਂ ਬਿਨਾਂ ਵੱਖ ਵੱਖ ਦਫ਼ਤਰਾਂ ਵੱਲੋਂ ਭੇਜੇ ਜਾਂਦੇ ਅੰਗਰੇਜ਼ੀ/ਹਿੰਦੀ ਮੈਟਰ ਦਾ ਪੰਜਾਬੀ ਅਨੁਵਾਦ ਵੀ ਕੀਤਾ ਜਾਂਦਾ ਹੈ। ਬਜਟ ਸੈਸ਼ਨ ਸਮੇਂ ਮਾਨਯੋਗ ਰਾਜਪਾਲ ਪੰਜਾਬ ਜੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ ਅਤੇ ਵਿਤ ਮੰਤਰੀ ਜੀ ਦੇ ਬਜਟ ਦਾ ਪੰਜਾਬੀ ਅਨੁਵਾਦ ਵੀ ਇਸੇ ਸੈੱਲ ਦੇ ਸਹਿਯੋਗ ਨਾਲ ਮੁੱਖ ਦਫ਼ਤਰ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੀਤਾ ਜਾਂਦਾ ਹੈ।
ਦੂਜੇ ਜ਼ਿਲ੍ਹਾ ਸਦਰ ਮੁਕਾਮਾਂ ਦੀ ਤਰ੍ਹਾਂ ਇਥੇ ਪੰਜਾਬੀ ਟਾਈਪ/ਸ਼ਾਰਟਹੈਂਡ, ਹਾਈ ਸਪੀਡ ਅਤੇ ਪੰਜਾਬੀ ਲਿਪੀ ਸੰਕੇਤ ਅਧਿਐਨ ਤੇ ਅਧਿਆਪਨ ਦੀਆਂ ਸ਼੍ਰੇਣੀਆਂ ਵੀ ਚਲਾਈਆਂ ਜਾ ਰਹੀਆਂ ਹਨ। ਸਥਾਨਕ ਚੰਡੀਗੜ੍ਹ ਦੇ ਵਿਦਿਆਰਥੀ ਤੇ ਇਸ ਖੇਤਰ ਨਾਲ ਲੱਗਦੇ ਇਲਾਕੇ ਦੇ ਵਿਦਿਆਰਥੀ ਇਸ ਦਾ ਕਾਫ਼ੀ ਲਾਭ ਉਠਾਉਂਦੇ ਹਨ। ਚੰਡੀਗੜ੍ਹ ਵਿੱਖੇ ਪੁਸਤਕਾਂ ਦੀ ਵਿਕਰੀ ਦਾ ਕੇਂਦਰ ਵੀ ਬਣਾਇਆ ਗਿਆ ਹੈ।
ਪੰਜਾਬ ਸਰਕਾਰ ਦੇ ਦਫ਼ਤਰਾਂ ਵਿੱਚ ਪੰਜਾਬੀ ਦੀ ਵਰਤੋਂ ਯਕੀਨੀ ਬਣਾਉਣ ਲਈ ਦੂਜੇ ਜ਼ਿਲ੍ਹਿਆਂ ਦੇ ਦਫ਼ਤਰਾਂ ਦੀ ਤਰ੍ਹਾਂ ਚੰਡੀਗੜ੍ਹ ਵਿੱਖੇ ਵੀ ਡਾਇਰੈਕਟੋਰੇਟ ਅਤੇ ਸਕੱਤਰੇਤ ਪੱਧਰ ਤੇ ਦਫ਼ਤਰਾਂ ਦੀ ਪੰਜਾਬੀ ਪ੍ਰਚਾਲਣ ਸਬੰਧੀ ਚੈਕਿੰਗ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਰਿਪੋਟਾਂ ਉਨ੍ਹਾਂ ਦੇ ਪ੍ਰਬੰਧਕੀ ਸਕੱਤਰ ਸਾਹਿਬਾਨਾਂ ਨੂੰ ਭੇਜੀਆਂ ਜਾਂਦੀਆਂ ਹਨ ਜੋ ਕੁਤਾਹੀਕਾਰਾਂ ਵਿਰੁੱਧ ਢੁਕਵੀਂ ਕਾਰਵਾਈ ਕਰਕੇ ਵਿਭਾਗ ਨੂੰ ਸੂਚਿਤ ਕਰਦੇ ਹਨ। ਚੰਡੀਗੜ੍ਹ ਵਿੱਖੇ ਸਕੱਤਰੇਤ ਅਤੇ ਡਾਇਰੈਕਟੋਰੇਟ ਪੱਧਰ ਦੇ ਦਫ਼ਤਰ ਹੋਣ ਕਾਰਨ ਇਥੇ ਇਹ ਕਾਰਜ ਬਹੁਤ ਮਹੱਤਵ ਰਖਦਾ ਹੈ।
ਪੰਜਾਬੀ/ਹਿੰਦੀ ਸੈੱਲ ਵੱਲੋਂ ਚੰਡੀਗੜ੍ਹ ਦੀਆਂ ਸਾਹਿਤ ਸਭਾਵਾਂ ਅਤੇ ਸਾਹਿਤਕਾਰਾਂ ਨਾਲ ਤਾਲਮੇਲ ਕੀਤਾ ਜਾਂਦਾ ਹੈ ਤੇ ਸਮੇਂ ਸਮੇਂ ਸਾਹਿਤ ਸਭਾਵਾਂ ਦੀਆਂ ਇਕੱਤਰਤਾਵਾਂ ਵਿੱਚ ਵਿਭਾਗ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ ਤੇ ਸਾਹਿਤਕਾਰਾਂ ਦੇ ਪਾਠਕਾਂ ਨਾਲ ਰੂਬਰੂ ਕਰਵਾਏ ਜਾਂਦੇ ਹਨ।
ਚੰਡੀਗੜ੍ਹ ਵਿੱਖੇ ਉਰਦੂ ਦੀ ਸਿਖਲਾਈ ਦੀਆਂ ਮੁਫ਼ਤ ਕਲਾਸਾਂ ਵੀ ਚਲਾਈਆਂ ਜਾਂਦੀਆਂ ਹਨ।
ਬੱਚਿਆਂ ਵਿੱਚ ਸਾਹਿਤਕ ਰੁਚੀ ਉਜਾਗਰ ਕਰਨ ਲਈ ਕਵਿਤਾ ਗਾਇਨ, ਸਾਹਿਤ ਸਿਰਜਣ ਤੇ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ ਤੇ ਸਮੇਂ ਸਮੇਂ ਸਾਹਿਤਕ ਗੋਸ਼ਟੀਆਂ ਵੀ ਕਰਵਾਈਆਂ ਜਾਂਦੀਆਂ ਹਨ।
ਸਾਹਿਤ ਕੇਂਦਰ, ਨਵੀਂ ਦਿਲੀ :
1. ਸਾਹਿਤਕ ਸੰਸਥਾਵਾਂ ਦੀਆਂ ਸਰਗਰਮੀਆਂ ਵਿੱਚ ਤਾਲਮੇਲ :
ਸਾਹਿਤ ਕੇਂਦਰ, ਦਿੱਲੀ ਵੱਲੋਂ ਆਪਣੀ ਸਥਾਪਨਾ ਤੋਂ ਹੀ ਦਿੱਲੀ ਵਿੱਖੇ ਸਥਿਤ ਕੇਂਦਰ ਸਰਕਾਰ ਅਤੇ ਹੋਰ ਸਾਹਿਤਕ ਸੰਸਥਾਵਾਂ ਨਾਲ ਸਾਹਿਤਕ ਸਰਗਰਮੀਆਂ ਸਬੰਧੀ ਤਾਲਮੇਲ ਰੱਖਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇਸ ਵਿੱਚ ਨੈਸ਼ਨਲ ਬੁੱਕ ਟਰਸਟ ਆਫ਼ ਇੰਡੀਆ, ਚਿਲਡਰਨ ਬੁੱਕ ਟਰਸਟ, ਸੈਂਟਰਲ ਹਿੰਦੀ ਡਾਇਰੈਕਟੋਰੇਟ, ਸਾਹਿਤ ਅਕਾਦਮੀ, ਦਿੱਲੀ ਪ੍ਰਸ਼ਾਸਨ ਦੀ ਪੰਜਾਬੀ ਅਕਾਦਮੀ, ਸਾਹਿਤ ਕਲਾ ਪ੍ਰੀਸ਼ਦ, ਉਰਦੂ ਅਕਾਦਮੀ, ਪੰਜਾਬੀ ਸਾਹਿਤ ਸਭਾ ਆਦਿ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ।
ਸਾਹਿਤ ਕੇਂਦਰ ਨਵੀਂ ਦਿੱਲੀ ਵੱਲੋਂ ਕੀਤੇ ਜਾਂਦੇ ਕਾਰਜਾਂ ਦਾ ਵੇਰਵਾ ਨਿਮਨ ਅਨੁਸਾਰ ਹੈ:-
ਗੋਸ਼ਟੀਆਂ/ਸਮਾਗਮਾਂ, ਸਾਹਿਤ ਸਭਾਵਾਂ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਵਿਭਾਗੀ ਪ੍ਰਤਿਨਿਧਤਾ, ਪੁਸਤਕ ਪ੍ਰਦਰਸ਼ਨੀਆਂ, ਵਿਭਾਗੀ ਪ੍ਰਕਾਸ਼ਨਾਵਾਂ ਦੀ ਵਿਕਰੀ ਪੰਜਾਬ ਭਵਨ ਵਿੱਖੇ ਆਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਅਤੇ ਖੋਜ ਵਿਦਿਆਰਥੀਆਂ ਲਈ ਲਾਇਬ੍ਰੇਰੀ ਸੇਵਾ ਤੋਂ ਇਲਾਵਾ ਪੰਜਾਬ ਭਵਨ ਦੇ ਅਧਿਕਾਰੀਆਂ, ਹੋਰ ਸਥਾਨਕ ਮੰਤਰਾਲਿਆਂ ਵੱਲੋਂ ਪ੍ਰਾਪਤ ਅੰਗਰੇਜ਼ੀ ਅਤੇ ਹਿੰਦੀ ਦੀ ਸਮੱਗਰੀ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਦਿੱਤਾ ਜਾਂਦਾ ਹੈ।